ਦਿਵਾਲੀ ਵਾਲੇ ਦਿਨ 26 ਦਿਨਾਂ ਬਾਅਦ ਪਰਵਿੰਦਰ ਝੋਟਾ ਦਾ ਹੋਇਆ ਅੰਤਿਮ ਸਸਕਾਰ, ਪਿਤਾ ਤੇ ਦੋ ਪੁੱਤਰਾਂ ਨੇ ਦਿੱਤੀ ਮੁੱਖ ਅਗਨੀ
ਮਾਨਸਾ ਵਿੱਚ ਕਤਲ ਕੀਤੇ ਗਏ ਐਂਟੀ ਡਰੱਗ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਐਤਵਾਰ ਨੂੰ ਦਿਵਾਲੀ ਵਾਲੇ ਦਿਨ (8 ਨਵੰਬਰ) 26 ਦਿਨਾਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਭੀਮ ਸਿੰਘ ਅਤੇ ਦੋਵਾਂ ਪੁੱਤਰਾਂ ਅੰਗਦਵੀਰ ਤੇ ਹਰਫਤਹਿ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚਕੇਰੀਆਂ ਰੋਡ ਸਥਿਤ ਉਨ੍ਹਾਂ ਦੇ ਖੇਤ ਵਿੱਚ ਲਿਆਂਦਾ ਗਿਆ। ਇਸ ਦੌਰਾਨ ਦੋਵਾਂ ਪੁੱਤਰਾਂ ਨੇ ‘ਪਰਵਿੰਦਰ ਝੋਟਾ ਅਮਰ ਰਹੇ’ ਦੇ ਨਾਅਰੇ ਲਗਾਏ।
ਸ਼ਨੀਵਾਰ, 7 ਨਵੰਬਰ ਨੂੰ ਚੰਡੀਗੜ੍ਹ PGI ਵਿੱਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ 5 ਵਜੇ ਝੋਟਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਚੰਡੀਗੜ੍ਹ ਤੋਂ ਮਾਨਸਾ ਪਹੁੰਚਣ ਤੱਕ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ, ਸ਼ਰਧਾਂਜਲੀ ਭੇਟ ਕੀਤੀ ਅਤੇ ਫੁੱਲਾਂ ਦੀ ਵਰਖਾ ਕੀਤੀ।
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ ਇੱਕ ਕੈਮਿਸਟ ਵੱਲੋਂ ਗੋਲੀਆਂ ਮਾਰ ਕੇ ਪਰਵਿੰਦਰ ਝੋਟਾ ਦਾ ਕਤਲ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਪਿਤਾ ਭੀਮ ਸਿੰਘ ਦੀ ਭੁੱਖ ਹੜਤਾਲ ਜਾਰੀ
ਉੱਧਰ, ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਐੱਸਪੀ ਵੈਭਵ ਚੌਧਰੀ ਦਾ ਤਬਾਦਲਾ ਨਹੀਂ ਹੁੰਦਾ, ਉਦੋਂ ਤੱਕ ਉਹ ਆਪਣੀ ਭੁੱਖ ਹੜਤਾਲ ਜਾਰੀ ਰੱਖਣਗੇ।
ਉਨ੍ਹਾਂ ਦੱਸਿਆ ਕਿ 5 ਨਵੰਬਰ ਤੋਂ ਉਨ੍ਹਾਂ ਨੇ ਕੁਝ ਨਹੀਂ ਖਾਧਾ ਅਤੇ ਸਿਰਫ਼ ਪਾਣੀ ਪੀ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਐੱਸਐੱਸਪੀ ਵੱਲੋਂ ਨਸ਼ੇ ਨੂੰ ਨਾ ਰੋਕਣ ਕਾਰਨ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਹੈ।
ਝੋਟਾ ਦਾ ਹੋਇਆ ਅੰਤਿਮ ਸਸਕਾਰ
ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਡੇ ਪੁੱਤਰ ਅਤੇ ਪਿਤਾ ਨੇ ਮੁੱਖ ਅਗਨੀ ਦਿੱਤੀ। ਕਤਲ ਤੋਂ ਕਰੀਬ 26 ਦਿਨ ਬਾਅਦ ਝੋਟਾ ਦਾ ਅੰਤਿਮ ਸਸਕਾਰ ਹੋਇਆ ਹੈ।