ਆਂਧਰਾ ਪ੍ਰਦੇਸ਼ ਦੇ ਡਿਪਟੀ CM ਪਵਨ ਕਲਿਆਣ ਅਤੇ ਪਤਨੀ ਅੰਨਾ ਕੋਨਿਡਾਲਾ ਨੇ ਵਿਆਹ ਦੇ 13 ਸਾਲ ਬਾਅਦ ਵੱਖ ਹੋਣ ਦਾ ਕੀਤਾ ਐਲਾਨ
- ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਲਿਆ ਫ਼ੈਸਲਾ
- ਕਿਹਾ- ਬੱਚਿਆਂ ਦੀ ਖੁਸ਼ੀ ਅਤੇ ਭਲਾਈ ਰਹੇਗੀ ਪਹਿਲੀ ਤਰਜੀਹ
ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਅਦਾਕਾਰ ਪਵਨ ਕਲਿਆਣ ਨੇ ਆਪਣੀ ਪਤਨੀ ਅੰਨਾ ਕੋਨਿਡਾਲਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਵਿਆਹ ਦੇ 13 ਸਾਲ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਹੈ। ਪਵਨ ਕਲਿਆਣ ਦੇ ਇੰਸਟਾਗ੍ਰਾਮ ਪੇਜ ’ਤੇ ਦੇਰ ਰਾਤ ਸਾਂਝੇ ਕੀਤੇ ਗਏ ਬਿਆਨ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ।
ਬਿਆਨ ਮੁਤਾਬਕ, ਇਹ ਫ਼ੈਸਲਾ ਆਪਸੀ ਸਮਝ ਅਤੇ ਸਨਮਾਨ ਨਾਲ ਲਿਆ ਗਿਆ ਹੈ। ਦੋਵਾਂ ਨੇ ਸਪੱਸ਼ਟ ਕੀਤਾ ਕਿ ਵਿਆਹੁਤਾ ਰਿਸ਼ਤਾ ਖ਼ਤਮ ਹੋਣ ਦੇ ਬਾਵਜੂਦ ਉਹ ਚੰਗੇ ਦੋਸਤ ਬਣੇ ਰਹਿਣਗੇ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਮਿਲ ਕੇ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਕਿਹਾ, “ਭਾਵੇਂ ਸਾਡਾ ਵਿਆਹੁਤਾ ਰਿਸ਼ਤਾ ਖ਼ਤਮ ਹੋ ਗਿਆ ਹੈ, ਪਰ ਅਸੀਂ ਚੰਗੇ ਦੋਸਤ ਹਾਂ ਅਤੇ ਆਪਣੇ ਪਿਆਰੇ ਬੱਚਿਆਂ ਪ੍ਰਤੀ ਸਮਰਪਿਤ ਮਾਪੇ ਰਹਾਂਗੇ। ਉਨ੍ਹਾਂ ਦੀ ਖੁਸ਼ੀ ਅਤੇ ਭਲਾਈ ਹਮੇਸ਼ਾ ਸਾਡੀ ਸਾਂਝੀ ਤਰਜੀਹ ਰਹੇਗੀ।”
ਜੋੜੇ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਇਸ ਨਿੱਜੀ ਫ਼ੈਸਲੇ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਇਸ ਸਫ਼ਰ ਦੌਰਾਨ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਪਵਨ ਕਲਿਆਣ ਦਾ ਤੀਜਾ ਵਿਆਹ ਵੀ ਖ਼ਤਮ
ਅੰਨਾ ਕੋਨਿਡਾਲਾ ਨਾਲ ਵੱਖ ਹੋਣ ਦੇ ਨਾਲ ਹੀ ਪਵਨ ਕਲਿਆਣ ਦਾ ਤੀਜਾ ਵਿਆਹ ਵੀ ਖ਼ਤਮ ਹੋ ਗਿਆ ਹੈ। ਉਨ੍ਹਾਂ ਦਾ ਪਹਿਲਾ ਵਿਆਹ 1997 ਵਿੱਚ ਨੰਦਿਨੀ ਨਾਲ ਹੋਇਆ ਸੀ, ਪਰ 1999 ਵਿੱਚ ਦੋਵੇਂ ਵੱਖ ਹੋ ਗਏ ਸਨ। ਇਸ ਤੋਂ ਬਾਅਦ 2009 ਵਿੱਚ ਉਨ੍ਹਾਂ ਨੇ ਅਦਾਕਾਰਾ ਰੇਣੂ ਦੇਸਾਈ ਨਾਲ ਵਿਆਹ ਕੀਤਾ। ਇਸ ਜੋੜੇ ਦੇ ਇੱਕ ਧੀ ਅਤੇ ਇੱਕ ਪੁੱਤਰ ਹਨ। ਸਾਲ 2012 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ।
ਸਾਲ 2013 ਵਿੱਚ ਪਵਨ ਕਲਿਆਣ ਨੇ ਰੂਸ ਦੀ ਰਹਿਣ ਵਾਲੀ ਅੰਨਾ ਕੋਨਿਡਾਲਾ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦੇ ਵੀ ਦੋ ਬੱਚੇ ਹਨ, ਜਿਨ੍ਹਾਂ ਦੇ ਨਾਮ ਪੋਲੇਨਾ ਅੰਜਨਾ ਪਵਨੋਵਾ ਅਤੇ ਮਾਰਕ ਸ਼ੰਕਰ ਪਵਨੋਵਿਚ ਹਨ।
ਫ਼ਿਲਮਾਂ ਤੋਂ ਰਾਜਨੀਤੀ ਤੱਕ ਦਾ ਸਫ਼ਰ
ਅਦਾਕਾਰ ਚਿਰੰਜੀਵੀ ਅਤੇ ਨਾਗੇਂਦਰ ਬਾਬੂ ਦੇ ਛੋਟੇ ਭਰਾ ਪਵਨ ਕਲਿਆਣ ਨੇ 1996 ਵਿੱਚ ਫ਼ਿਲਮ ‘ਅੱਕੜਾ ਅੰਮਾਈ ਇਕੱੜਾ ਅੱਬਾਈ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 2008 ਵਿੱਚ ਆਪਣੇ ਵੱਡੇ ਭਰਾ ਚਿਰੰਜੀਵੀ ਵੱਲੋਂ ਬਣਾਈ ਗਈ ਪ੍ਰਜਾ ਰਾਜਯਮ ਪਾਰਟੀ (PRP) ਦੀ ਯੂਥ ਵਿੰਗ ‘ਯੁਵਰਾਜਮ’ ਦੇ ਪ੍ਰਧਾਨ ਵਜੋਂ ਸਿਆਸੀ ਸਫ਼ਰ ਸ਼ੁਰੂ ਕੀਤਾ। ਪਾਰਟੀ ਵਿੱਚ ਰਹਿੰਦਿਆਂ ਉਨ੍ਹਾਂ ਨੇ ਚੋਣ ਨਹੀਂ ਲੜੀ ਅਤੇ ਨਾ ਹੀ ਕੋਈ ਸੰਵਿਧਾਨਕ ਅਹੁਦਾ ਸੰਭਾਲਿਆ। ਹਾਲਾਂਕਿ, ਉਹ ਪਾਰਟੀ ਲਈ ਸਰਗਰਮੀ ਨਾਲ ਚੋਣ ਪ੍ਰਚਾਰ ਕਰਦੇ ਰਹੇ। ਸਾਲ 2011 ਵਿੱਚ PRP ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਉਨ੍ਹਾਂ ਨੇ ਨਾਰਾਜ਼ਗੀ ਜਤਾਈ ਅਤੇ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰੀ ਬਣਾ ਲਈ।
ਮਾਰਚ 2014 ਵਿੱਚ ਉਨ੍ਹਾਂ ਨੇ ਜਨ ਸੈਨਾ ਪਾਰਟੀ (JSP) ਬਣਾਈ ਅਤੇ ਉਸੇ ਸਾਲ ਚੋਣਾਂ ਦੌਰਾਨ ਸਰਗਰਮ ਪ੍ਰਚਾਰ ਕੀਤਾ। 2019 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੇ ਆਂਧਰਾ ਪ੍ਰਦੇਸ਼ ਦੀਆਂ 140 ਸੀਟਾਂ ’ਤੇ ਚੋਣ ਲੜੀ ਸੀ। ਪਵਨ ਕਲਿਆਣ ਖ਼ੁਦ ਗਜੂਵਾਕਾ ਅਤੇ ਭੀਮਾਵਰਮ ਦੋ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਉਤਰੇ, ਪਰ ਦੋਵੇਂ ਥਾਵਾਂ ਤੋਂ ਹਾਰ ਗਏ। ਪਾਰਟੀ ਸਿਰਫ਼ ਰਾਜੋਲ ਸੀਟ ਜਿੱਤ ਸਕੀ।
2024 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਪਵਨ ਕਲਿਆਣ ਨੇ ਜਨ ਸੈਨਾ, ਤੇਲਗੂ ਦੇਸ਼ਮ ਪਾਰਟੀ (TDP) ਅਤੇ ਭਾਜਪਾ ਵਿਚਾਲੇ ਗਠਜੋੜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਗਠਜੋੜ ਨੂੰ ਵੱਡੀ ਜਿੱਤ ਮਿਲੀ ਅਤੇ ਜਨ ਸੈਨਾ ਨੇ ਜਿਨ੍ਹਾਂ ਵੀ ਸੀਟਾਂ ’ਤੇ ਚੋਣ ਲੜੀ, ਉਨ੍ਹਾਂ ਸਾਰੀਆਂ ’ਤੇ ਜਿੱਤ ਦਰਜ ਕੀਤੀ। ਇਸ ਤੋਂ ਬਾਅਦ 14 ਜੂਨ 2024 ਨੂੰ ਪਵਨ ਕਲਿਆਣ ਨੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।