ਇੰਦੌਰ ਕੰਸਰਟ ਰੱਦ ਹੋਣ ਦੀਆਂ ਚਰਚਾਵਾਂ ’ਤੇ ਦਿਲਜੀਤ ਦੋਸਾਂਝ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ
ਇੰਦੌਰ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਸ਼ੋਅ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੋਗਰਾਮ ਤੈਅ ਸਮੇਂ ਮੁਤਾਬਕ ਹੀ ਹੋਵੇਗਾ। ਮੰਗਲਵਾਰ ਨੂੰ ਇੰਸਟਾਗ੍ਰਾਮ ਲਾਈਵ ਰਾਹੀਂ ਉਨ੍ਹਾਂ ਨੇ ਕੰਸਰਟ ਰੱਦ ਹੋਣ ਦੀਆਂ ਅਫ਼ਵਾਹਾਂ ਨੂੰ ਬੇਬੁਨਿਆਦ ਦੱਸਿਆ ਅਤੇ ਪ੍ਰਸ਼ੰਸਕਾਂ ਨੂੰ 15 ਨਵੰਬਰ ਨੂੰ ਇੰਦੌਰ ਪਹੁੰਚਣ ਦਾ ਭਰੋਸਾ ਦਿੱਤਾ।
ਦਿਲਜੀਤ ਨੇ ਆਪਣੇ ਖਾਸ ਹਾਸਮੁੱਖ ਅੰਦਾਜ਼ ਵਿੱਚ ਮੀਡੀਆ ਰਿਪੋਰਟਾਂ ’ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲਾਂ ਨੇ ਖ਼ਬਰਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਅਤੇ ਆਪਣੀ ਤਰਫ਼ੋਂ ਵੀ ਕਾਫ਼ੀ ਮਸਾਲਾ ਜੋੜ ਦਿੱਤਾ। ਗਾਇਕ ਨੇ ਕਿਹਾ, “15 ਤਾਰੀਖ਼ ਨੂੰ ਇੰਦੌਰ ਆ ਰਹੇ ਹਾਂ, 101 ਫ਼ੀਸਦੀ ਆ ਰਹੇ ਹਾਂ। ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਪੋਹਾ ਖਾਵਾਂਗੇ, ਫਿਰ ਊਰਜਾ ਲੈ ਕੇ ਧਮਾਲ ਪਾਵਾਂਗੇ।” ਉਨ੍ਹਾਂ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਗੱਲ ’ਤੇ ਭਰੋਸਾ ਰੱਖਣ।
ਗੀਤਾਂ ਨੂੰ ਲੈ ਕੇ ਪ੍ਰਬੰਧਕਾਂ ਨੂੰ ਮਿਲੀਆਂ ਹਦਾਇਤਾਂ
ਦਿਲਜੀਤ ਦਾ ਇੰਦੌਰ ਵਿੱਚ ਹੋਣ ਵਾਲਾ ਇਹ ਪ੍ਰੋਗਰਾਮ ਗੀਤਾਂ ਦੀ ਸਮੱਗਰੀ ਨੂੰ ਲੈ ਕੇ ਵੀ ਚਰਚਾ ਵਿੱਚ ਹੈ। ਰਿਪੋਰਟਾਂ ਮੁਤਾਬਕ, ਪ੍ਰਬੰਧਕਾਂ ਅਤੇ ਸਮਾਗਮ ਵਾਲੀ ਥਾਂ ਦੇ ਅਧਿਕਾਰੀਆਂ ਨੂੰ ਅਜਿਹੇ ਗੀਤ ਨਾ ਗਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿੱਚ ਨਸ਼ਿਆਂ, ਸ਼ਰਾਬ ਜਾਂ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੋਵੇ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਦੱਸਿਆ ਕਿ 15 ਨਵੰਬਰ ਨੂੰ 21 ਬਿਜ਼ਨਸ ਪਾਰਕ ਵਿਖੇ ਕੰਸਰਟ ਹੋਣਾ ਤੈਅ ਹੈ। ਉਨ੍ਹਾਂ ਮੁਤਾਬਕ, ਚੰਡੀਗੜ੍ਹ ਤੋਂ ਇਸ ਸਬੰਧੀ ਪੱਤਰ ਮਿਲਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਬੰਧਕਾਂ ਨੂੰ ਲਿਖਤੀ ਤੌਰ ’ਤੇ ਅਜਿਹੇ ਗੀਤ ਨਾ ਗਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਦਾ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਦਿੱਲੀ ਤੋਂ ਸ਼ੁਰੂ ਕੀਤਾ ਸੀ ਔਰਾ ਟੂਰ
ਦਿਲਜੀਤ ਨੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਨਦਾਰ ਪ੍ਰੋਗਰਾਮ ਨਾਲ ਆਪਣੇ ‘ਔਰਾ ਟੂਰ’ ਦੇ ਭਾਰਤੀ ਗੇੜ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ‘G.O.A.T.’, ‘ਇੱਕ ਕੁੜੀ’, ‘ਲਲਕਾਰਾ’, ‘ਇਸ਼ਕ ਦੀਆਂ ਬਾਜ਼ੀਆਂ’, ‘ਨੈਣਾ’, ‘ਕਿੰਨੀ ਕਿੰਨੀ’, ‘ਕੇਸ’, ‘ਪੰਜਤਾਰਾ’, ‘ਹੱਸ ਹੱਸ’ ਅਤੇ ‘ਵਾਟਰ’ ਵਰਗੇ ਮਸ਼ਹੂਰ ਗੀਤ ਪੇਸ਼ ਕੀਤੇ। ਸ਼ੋਅ ਦੌਰਾਨ ‘ਸਾਂਸੋਂ ਕੀ ਮਾਲਾ’ ਦੀ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।