ਤਿੰਨ ਦਿਨਾਂ ਦੇ ਦੌਰੇ ’ਤੇ ਅੱਜ ਮਨੀਲਾ ਪਹੁੰਚਣਗੇ PM ਮੋਦੀ, ਭਾਰਤ-ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨ ’ਚ ਲੈਣਗੇ ਹਿੱਸਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਨਵੰਬਰ ਤੋਂ ਤਿੰਨ ਦਿਨਾਂ ਦੇ ਫਿਲੀਪੀਨਜ਼ ਦੌਰੇ ’ਤੇ ਜਾਣਗੇ। ਉਹ ਸੋਮਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚਣਗੇ, ਜਿੱਥੇ ਉਹ ਸਾਲਾਨਾ ਭਾਰਤ-ਆਸੀਆਨ ਸ਼ਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੌਰੇ ਦੌਰਾਨ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚਾਲੇ ਸਮੁੰਦਰੀ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਅਤੇ ਵਪਾਰਕ ਸਾਂਝ ਵਧਾਉਣ ’ਤੇ ਵਿਸ਼ੇਸ਼ ਚਰਚਾ ਹੋਣ ਦੀ ਉਮੀਦ ਹੈ। ਇਸ ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਦਾ ਸਿਲਵਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਦੇਸ਼ਾਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕਵਾਡ ਸੰਮੇਲਨ ’ਚ ਵੀ ਸ਼ਾਮਲ ਹੋ ਸਕਦੇ ਹਨ ਮੋਦੀ
ਪ੍ਰਧਾਨ ਮੰਤਰੀ ਮੋਦੀ 16 ਨਵੰਬਰ ਨੂੰ ਮਨੀਲਾ ਪਹੁੰਚਣਗੇ ਅਤੇ 17 ਨਵੰਬਰ ਨੂੰ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉਹ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਆਗੂਆਂ ਨਾਲ ਕਵਾਡ ਸ਼ਿਖਰ ਸੰਮੇਲਨ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਦੌਰੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀਆਂ ਬੈਠਕਾਂ ਵੀ ਪ੍ਰਸਤਾਵਿਤ ਹਨ।
ਸਮੁੰਦਰੀ ਸੁਰੱਖਿਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਰਹੇਗਾ ਜ਼ੋਰ
ਭਾਰਤ ਇਸ ਸੰਮੇਲਨ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਾਂਝੀ ਸੋਚ ਰੱਖਣ ਵਾਲੇ ਦੇਸ਼ਾਂ ਵਿਚਾਲੇ ਜਲ ਸੈਨਾ ਅਤੇ ਸਮੁੰਦਰੀ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਦੀ ਤਰਜੀਹ ਇਸ ਖੇਤਰ ਵਿੱਚ ਸਮੁੰਦਰੀ ਸੁਰੱਖਿਆ, ਸਥਿਰਤਾ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ। ਦੱਖਣ-ਪੂਰਬੀ ਏਸ਼ੀਆ ਦਾ ਸਮੁੰਦਰੀ ਖੇਤਰ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਵਿਚਾਲੇ ਰਣਨੀਤਕ ਪੱਖੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਕੀ ਹੈ ਆਸੀਆਨ ਅਤੇ ਕਿਹੜੇ ਦੇਸ਼ ਹਨ ਇਸ ਦੇ ਮੈਂਬਰ?
ਆਸੀਆਨ (Association of Southeast Asian Nations) ਦੱਖਣ-ਪੂਰਬੀ ਏਸ਼ੀਆ ਦੇ ਪ੍ਰਮੁੱਖ ਖੇਤਰੀ ਸੰਗਠਨਾਂ ਵਿੱਚੋਂ ਇੱਕ ਹੈ। ਇਸ ਵਿੱਚ ਇੰਡੋਨੇਸ਼ੀਆ, ਫਿਲੀਪੀਨਜ਼, ਮਲੇਸ਼ੀਆ, ਸਿੰਗਾਪੁਰ, ਬਰੂਨੇਈ, ਥਾਈਲੈਂਡ, ਵੀਅਤਨਾਮ, ਮਿਆਂਮਾਰ, ਲਾਓਸ, ਕੰਬੋਡੀਆ ਅਤੇ ਪੂਰਬੀ ਤਿਮੋਰ ਸ਼ਾਮਲ ਹਨ। ਭਾਰਤ ਆਸੀਆਨ ਦਾ ਅਧਿਕਾਰਤ ਸੰਵਾਦ ਭਾਈਵਾਲ ਹੈ। ਇਸ ਸੰਮੇਲਨ ਵਿੱਚ ਅਮਰੀਕਾ, ਚੀਨ, ਜਾਪਾਨ ਅਤੇ ਆਸਟ੍ਰੇਲੀਆ ਸਮੇਤ ਦੁਨੀਆ ਦੀਆਂ ਪ੍ਰਮੁੱਖ ਤਾਕਤਾਂ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ।
ਮਿਆਂਮਾਰ ਸੰਘਰਸ਼ ਸਮੇਤ ਖੇਤਰੀ ਮੁੱਦਿਆਂ ’ਤੇ ਹੋਵੇਗੀ ਚਰਚਾ
ਫਿਲੀਪੀਨਜ਼ ਦੀ ਨਿਊਜ਼ ਏਜੰਸੀ ਮੁਤਾਬਕ, 15 ਤੋਂ 17 ਨਵੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਲਈ ਆਸੀਆਨ ਦੇ ਮੈਂਬਰ ਦੇਸ਼ਾਂ, ਸੰਵਾਦ ਭਾਈਵਾਲਾਂ ਅਤੇ ਕੌਮਾਂਤਰੀ ਸੰਗਠਨਾਂ ਦੇ ਨੁਮਾਇੰਦੇ ਮਨੀਲਾ ਪਹੁੰਚ ਰਹੇ ਹਨ। ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਕਈ ਉੱਚ ਪੱਧਰੀ ਬੈਠਕਾਂ ਹੋਣਗੀਆਂ। ਐਸੋਸੀਏਟਿਡ ਪ੍ਰੈੱਸ (AP) ਦੀ ਰਿਪੋਰਟ ਮੁਤਾਬਕ, ਸੰਮੇਲਨ ਵਿੱਚ ਮਿਆਂਮਾਰ ਵਿੱਚ ਜਾਰੀ ਸੰਘਰਸ਼ ਅਤੇ ਹੋਰ ਖੇਤਰੀ ਵਿਵਾਦਾਂ ’ਤੇ ਵੀ ਚਰਚਾ ਹੋ ਸਕਦੀ ਹੈ। ਇਸ ਸਬੰਧੀ ਤਿਆਰ ਕੀਤੇ ਜਾ ਰਹੇ ਅੰਤਿਮ ਦਸਤਾਵੇਜ਼ਾਂ ਦੇ ਖਰੜਿਆਂ ਵਿੱਚ ਵੀ ਇਨ੍ਹਾਂ ਮੁੱਦਿਆਂ ਦਾ ਜ਼ਿਕਰ ਹੈ। 17 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ।
ਭਾਰਤ ਦੀ ‘ਐਕਟ ਈਸਟ’ ਨੀਤੀ ’ਚ ਆਸੀਆਨ ਦੀ ਅਹਿਮ ਭੂਮਿਕਾ
ਆਸੀਆਨ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਸਬੰਧੀ ਰਣਨੀਤੀ ਦਾ ਅਹਿਮ ਹਿੱਸਾ ਹੈ। ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਪੂਰਬ) ਰੁਦਰੇਂਦਰ ਟੰਡਨ ਨੇ ਮੀਡੀਆ ਨੂੰ ਦੱਸਿਆ ਕਿ 11 ਮੈਂਬਰੀ ਇਹ ਸੰਗਠਨ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਭਾਰਤ ਅਤੇ ਆਸੀਆਨ ਦੇਸ਼ਾਂ ਵਿਚਾਲੇ ਸਾਲਾਨਾ ਵਪਾਰ ਲਗਭਗ 122 ਅਰਬ ਡਾਲਰ ਦਾ ਹੈ। ਟੰਡਨ ਮੁਤਾਬਕ, ਭਾਰਤ ਹਿੰਦ ਮਹਾਸਾਗਰ ਖੇਤਰ ਦਾ ਦੇਸ਼ ਹੈ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਮੁੰਦਰੀ ਖੇਤਰ ਉਸ ਲਈ ਬੇਹੱਦ ਅਹਿਮ ਹੈ। ਇਸ ਲਈ ਆਸੀਆਨ ਦੇ ਸਾਰੇ ਮੈਂਬਰ ਦੇਸ਼ਾਂ ਨਾਲ ਸਮੂਹਿਕ ਅਤੇ ਦੁਵੱਲੇ ਪੱਧਰ ’ਤੇ ਮਜ਼ਬੂਤ ਰਣਨੀਤਕ ਸਬੰਧ ਦੋਵਾਂ ਧਿਰਾਂ ਦੇ ਹਿੱਤ ਵਿੱਚ ਹਨ।