ਲਾਡੋਵਾਲ ਟੋਲ ਪਲਾਜ਼ਾ ’ਤੇ ਦਿਨ-ਦਿਹਾੜੇ ਚੋਰੀ, ਬਾਈਕ ਸਵਾਰ ਦੋ ਨੌਜਵਾਨ ਦੇਸੀ ਘਿਓ ਦਾ ਡੱਬਾ ਲੈ ਕੇ ਫਰਾਰ
ਲੁਧਿਆਣਾ: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਦਿਨ-ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਟ੍ਰੈਫਿਕ ਜਾਮ ਦਾ ਫਾਇਦਾ ਚੁੱਕਦਿਆਂ ਬਾਈਕ ਸਵਾਰ ਦੋ ਨੌਜਵਾਨ ਇੱਕ ਛੋਟੇ ਹਾਥੀ (ਪਿਕਅੱਪ) ਵਿੱਚੋਂ ਦੇਸੀ ਘਿਓ ਦਾ ਡੱਬਾ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ 12 ਸਕਿੰਟ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵਾਂ ਨੌਜਵਾਨਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ।
ਵੀਡੀਓ ਮੁਤਾਬਕ, ਟੋਲ ਪਲਾਜ਼ਾ ਦੀ ਲੇਨ ਵਿੱਚ ਵਾਹਨਾਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਇਸ ਦੌਰਾਨ ਸਪਲੈਂਡਰ ਬਾਈਕ ’ਤੇ ਸਵਾਰ ਦੋ ਨੌਜਵਾਨ ਇੱਕ ਸਫ਼ੈਦ ਪਿਕਅੱਪ ਦੇ ਪਿੱਛੇ ਆ ਕੇ ਰੁਕ ਗਏ। ਬਾਈਕ ਦੇ ਪਿੱਛੇ ਬੈਠਾ ਨੌਜਵਾਨ ਹੇਠਾਂ ਉਤਰਿਆ ਅਤੇ ਪਿਕਅੱਪ ਵਿੱਚੋਂ ਪੀਲੇ ਰੰਗ ਦਾ ਦੇਸੀ ਘਿਓ ਦਾ ਡੱਬਾ ਕੱਢ ਲਿਆ। ਉਸ ਦਾ ਸਾਥੀ ਬਾਈਕ ਸਟਾਰਟ ਕਰਕੇ ਉਡੀਕ ਕਰ ਰਿਹਾ ਸੀ। ਡੱਬਾ ਚੁੱਕਣ ਤੋਂ ਬਾਅਦ ਦੋਵੇਂ ਭੀੜ ਦਾ ਫਾਇਦਾ ਲੈਂਦਿਆਂ ਮੌਕੇ ਤੋਂ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਪਛਾਣ ਤੋਂ ਬਚਣ ਲਈ ਬਾਈਕ ਦੀ ਅੱਗੇ ਅਤੇ ਪਿੱਛੇ ਵਾਲੀ ਨੰਬਰ ਪਲੇਟ ’ਤੇ ਲਾਲ ਟੇਪ ਲਗਾਈ ਹੋਈ ਸੀ। ਮੌਕੇ ’ਤੇ ਮੌਜੂਦ ਇੱਕ ਰਾਹਗੀਰ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰ ਲਿਆ।
ਜਾਣਕਾਰੀ ਅਨੁਸਾਰ, ਇਹ ਘਟਨਾ ਵੀਰਵਾਰ ਦੁਪਹਿਰ ਦੀ ਹੈ। ਪਿਕਅੱਪ ਵਿੱਚ ਉੱਤਮ ਦੇਸੀ ਘਿਓ ਦਾ ਮਾਲ ਲੁਧਿਆਣਾ ਵਿੱਚ ਮੈਟਰੋ ਨੇੜੇ ਸਥਿਤ ਗੋਦਾਮ ਤੋਂ ਲੋਡ ਕੀਤਾ ਗਿਆ ਸੀ, ਜਿਸ ਨੂੰ ਪਹਿਲਾਂ ਫਗਵਾੜਾ ਅਤੇ ਫਿਰ ਜਲੰਧਰ ਪਹੁੰਚਾਇਆ ਜਾਣਾ ਸੀ। ਚੋਰੀ ਹੋਏ ਡੱਬੇ ਵਿੱਚ ਕਰੀਬ 10 ਤੋਂ 15 ਕਿਲੋ ਘਿਓ ਸੀ, ਜਿਸ ਦੀ ਕੀਮਤ ਲਗਭਗ 7,600 ਰੁਪਏ ਦੱਸੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਪੀੜਤ ਧਿਰ ਨੇ ਲਾਡੋਵਾਲ ਪੁਲਿਸ ਨਾਲ ਸੰਪਰਕ ਕੀਤਾ। ਮੁੱਢਲੀ ਜਾਣਕਾਰੀ ਮੁਤਾਬਕ, ਚੋਰੀ ਕਰਨ ਵਾਲੇ ਨੌਜਵਾਨ ਹਾਰਡੀਜ਼ ਵਰਲਡ ਦੇ ਪਿੱਛੇ ਸਥਿਤ ਪਿੰਡ ਫਤਿਹਾਬਾਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੀੜਤ ਧਿਰ ਨੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਨੌਜਵਾਨਾਂ ਦੇ ਪਿੰਡ ਆਉਣ ’ਤੇ ਚੋਰੀ ਕੀਤਾ ਸਾਮਾਨ ਵਾਪਸ ਕਰਵਾਉਣ ਦਾ ਭਰੋਸਾ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।