ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲਾ: ਅਮਰੀਕਾ ਤੋਂ ਡਿਪੋਰਟ ਸੁਰਿੰਦਰ ਸਿੰਘ NIA ਰਿਮਾਂਡ ‘ਤੇ
- ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਨੂੰ ਦਿੱਤਾ ਰਿਮਾਂਡ
- ਮਾਮਲੇ ’ਚ ਹੁਣ ਤੱਕ 8 ਮੁਲਜ਼ਮ ਗ੍ਰਿਫ਼ਤਾਰ
ਮੋਹਾਲੀ: ਸ਼ੰਭੂ ਅਤੇ ਰਾਜਪੁਰਾ ਵਿਚਾਲੇ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (NIA) ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚੇ ਸੁਰਿੰਦਰ ਸਿੰਘ ਉਰਫ਼ ਠਿਕਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਉਸ ਨੂੰ ਮੁਹਾਲੀ ਦੀ NIA ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਏਜੰਸੀ ਨੂੰ 30 ਨਵੰਬਰ ਤੱਕ ਪੁਲਿਸ ਰਿਮਾਂਡ ਮਿਲ ਗਿਆ। NIA ਅਨੁਸਾਰ, ਸੁਰਿੰਦਰ ਸਿੰਘ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦਾ ਸਮਰਥਕ ਹੈ। ਏਜੰਸੀ ਦਾ ਦੋਸ਼ ਹੈ ਕਿ ਰੇਲਵੇ ਲਾਈਨ ’ਤੇ ਧਮਾਕੇ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਇਸ ਘਟਨਾ ਦਾ ਸਮਰਥਨ ਕੀਤਾ ਸੀ।
ਫੇਸਬੁੱਕ ’ਤੇ ਵੀਡੀਓ ਪਾ ਕੇ ਧਮਾਕੇ ਨੂੰ ਠਹਿਰਾਇਆ ਸੀ ਸਹੀ
ਜਾਂਚ ਏਜੰਸੀ ਮੁਤਾਬਕ 27 ਅਪ੍ਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫਰੇਟ ਕੋਰੀਡੋਰ ਦੀ ਰੇਲਵੇ ਲਾਈਨ ’ਤੇ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਸੁਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ ’ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਸ ਨੇ ਧਮਾਕੇ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਮਾਮਲੇ ਵਿੱਚ ਸਾਜ਼ਿਸ਼ ਦੇ ਮੁਲਜ਼ਮ ਦੱਸੇ ਗਏ ਲੋਕਾਂ ਦਾ ਸਮਰਥਨ ਕੀਤਾ। ਇਨ੍ਹਾਂ ਵਿੱਚ ਜਗਰੂਪ ਸਿੰਘ ਦਾ ਨਾਂ ਵੀ ਸ਼ਾਮਲ ਸੀ, ਜਿਸ ਦੀ ਧਮਾਕੇ ਦੌਰਾਨ ਮੌਤ ਹੋ ਗਈ ਸੀ। NIA ਦਾ ਦਾਅਵਾ ਹੈ ਕਿ ਸੁਰਿੰਦਰ ਸਿੰਘ ਨੇ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ‘ਕੌਮੀ ਸੰਗਠਨ’ ਦੱਸਿਆ ਸੀ। ਇਸ ਤੋਂ ਇਲਾਵਾ ਉਸ ਨੇ ਨਾਮਜ਼ਦ ਅੱਤਵਾਦੀ ਰਣਜੀਤ ਸਿੰਘ ਉਰਫ਼ ਨੀਟਾ ਨੂੰ ‘ਕੌਮ ਦਾ ਜਨਰਲ’ ਵੀ ਕਿਹਾ ਸੀ।
ਲੁੱਕਆਊਟ ਸਰਕੂਲਰ ਤੋਂ ਬਾਅਦ ਅਮਰੀਕਾ ਤੋਂ ਭਾਰਤ ਭੇਜਿਆ ਗਿਆ
NIA ਨੇ ਜਾਂਚ ਦੌਰਾਨ ਸੁਰਿੰਦਰ ਸਿੰਘ ਖ਼ਿਲਾਫ਼ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਸੀ। ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਡਿਪੋਰਟ ਕੀਤਾ। ਭਾਰਤ ਪਹੁੰਚਣ ’ਤੇ NIA ਨੇ ਉਸ ਨੂੰ ਹਵਾਈ ਅੱਡੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਮਾਮਲੇ ਵਿੱਚ ਹੁਣ ਤੱਕ 8 ਗ੍ਰਿਫ਼ਤਾਰੀਆਂ
ਜਾਂਚ ਏਜੰਸੀ ਅਨੁਸਾਰ ਧਮਾਕੇ ਦੇ ਮਾਮਲੇ ਵਿੱਚ ਸੁਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਤੱਕ ਕੁੱਲ 8 ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। NIA ਧਮਾਕੇ ਪਿੱਛੇ ਕਥਿਤ ਸਾਜ਼ਿਸ਼, ਇਸ ਵਿੱਚ ਸ਼ਾਮਲ ਵਿਅਕਤੀਆਂ ਅਤੇ ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।