Israel Iran War: ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਵਿੱਚ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਕੱਲ੍ਹ ਰਾਤ ਈਰਾਨ ‘ਤੇ ਹਮਲਾ ਕੀਤਾ ਅਤੇ 3 ਪ੍ਰਮਾਣੂ ਠਿਕਾਣਿਆਂ ‘ਤੇ ਬੰਬ ਸੁੱਟੇ। ਅਮਰੀਕੀ ਹਵਾਈ ਸੈਨਾ ਦੇ ਬੰਬਾਰ ਨੇ ਖਾਸ ਤੌਰ ‘ਤੇ ਫੋਰਡੋ ਪ੍ਰਮਾਣੂ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਸਭ ਤੋਂ ਵੱਧ ਬੰਬ ਸੁੱਟੇ।
US enters in Iran-Israel War: ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਵਧਦੀ ਜਾ ਰਹੀ ਹੈ। ਅਮਰੀਕਾ ਮੱਧ ਪੂਰਬ ਖੇਤਰ ਵਿੱਚ ਚੱਲ ਰਹੇ ਟਕਰਾਅ ਵਿੱਚ ਵੀ ਸ਼ਾਮਲ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਦੇਰ ਰਾਤ ਅਮਰੀਕਾ ਨੇ ਈਰਾਨ ਵਿੱਚ 3 ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕਰਕੇ ਤਬਾਹ ਕਰ ਦਿੱਤਾ।
ਦੱਸ ਦਈਏ ਕਿ ਅਮਰੀਕਾ ਨੇ ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆਂ – ਫੋਰਡੋ, ਨਤਾਨਜ਼ ਅਤੇ ਇਸਫਾਹਨ ‘ਤੇ ਹਵਾਈ ਹਮਲੇ ਕੀਤੇ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਵਿੱਚ 3 ਸੀਨੀਅਰ ਈਰਾਨੀ ਕਮਾਂਡਰ ਵੀ ਮਾਰੇ ਗਏ ਹਨ। ਇਸ ਹਮਲੇ ਨੂੰ ਪੂਰੀ ਤਰ੍ਹਾਂ ਸਫਲ ਦੱਸਿਆ ਗਿਆ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ, “ਸਾਰੇ ਅਮਰੀਕੀ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ ਤੇ ਸੁਰੱਖਿਅਤ ਘਰ ਵਾਪਸ ਆ ਰਹੇ ਹਨ। ਜ਼ਿਆਦਾਤਰ ਬੰਬ ਫੋਰਡੋ ਨਾਮਕ ਸਾਈਟ ‘ਤੇ ਸੁੱਟੇ ਗਏ।” ਉਨ੍ਹਾਂ ਨੇ ਅਮਰੀਕੀ ਫੌਜ ਦੀ ਹੋਰ ਸ਼ਲਾਘਾ ਕੀਤੀ ਅਤੇ ਕਿਹਾ, “ਸਾਡੇ ਮਹਾਨ ਯੋਧਿਆਂ ਨੂੰ ਵਧਾਈਆਂ! ਦੁਨੀਆ ਦੀ ਕੋਈ ਹੋਰ ਫੌਜ ਅਜਿਹਾ ਨਹੀਂ ਕਰ ਸਕਦੀ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸ਼ਾਂਤੀ ਦਾ ਸਮਾਂ ਹੈ।

ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 7.30 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਹਾਲਾਂਕਿ, ਹਮਲਾ ਕਰਨ ਦਾ ਫੈਸਲਾ ਅਮਰੀਕਾ ਲਈ ਬਹੁਤ ਖ਼ਤਰਨਾਕ ਮੰਨਿਆ ਜਾ ਰਿਹਾ ਹੈ ਕਿਉਂਕਿ ਈਰਾਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਉਹ ਇਜ਼ਰਾਈਲੀ ਹਮਲੇ ਵਿੱਚ ਸ਼ਾਮਲ ਹੋਇਆ ਤਾਂ ਉਹ ਜਵਾਬੀ ਕਾਰਵਾਈ ਕਰੇਗਾ। ਅਮਰੀਕਾ ਨੇ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਬੀ2 ਬੰਬਾਰਾਂ ਨਾਲ ਬੰਬ ਸੁੱਟਣ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਆਪਣੇ ਸਾਰੇ ਫੌਜੀ ਠਿਕਾਣਿਆਂ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਹਵਾਈ ਹਮਲਿਆਂ ਤੋਂ ਬਾਅਦ ਤਹਿਰਾਨ ਦੀ ਧਮਕੀ
ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ, ਈਰਾਨ ਦੇ ਸਰਕਾਰੀ ਟੀਵੀ ਨੇ ਚੇਤਾਵਨੀ ਦਿੱਤੀ ਕਿ ਹੁਣ ਖੇਤਰ ਵਿੱਚ ਮੌਜੂਦ ਹਰ ਅਮਰੀਕੀ ਨਾਗਰਿਕ ਜਾਂ ਫੌਜੀ ਕਰਮਚਾਰੀ ਈਰਾਨ ਦੇ ਨਿਸ਼ਾਨੇ ‘ਤੇ ਹੈ। ਇਹ ਬਿਆਨ ਅਮਰੀਕਾ ਵਲੋਂ ਬੰਕਰ ਬਸਟਰ ਬੰਬਾਂ ਦੀ ਵਰਤੋਂ ਦੇ ਜਵਾਬ ਵਿੱਚ ਆਇਆ ਹੈ, ਜਿਸ ਕਾਰਨ ਖੇਤਰ ਵਿੱਚ ਸਥਿਤੀ ਹੋਰ ਗੰਭੀਰ ਹੋਣ ਦੀ ਉਮੀਦ ਹੈ।