ਅਜਨਾਲਾ ‘ਚ ਰਾਵੀ ਦਰਿਆ ਦੇ ਬੇਕਾਬੂ ਪਾਣੀਆਂ ਨਾਲ ਕਿਸਾਨ ਹੋਇਆ ਬਰਬਾਦ, ਫਸਲ ਦੀ ਬਰਬਾਦੀ ਨਾਲ ਭਾਰੀ ਨੁਕਸਾਨ
Amritsar News: ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਦੋ ਹਿੱਸਿਆਂ ‘ਚ ਵੰਡ ਗਈ ਹੈ।
Crop Destruction in Ajnala: ਅਜਨਾਲਾ ਹਲਕੇ ਦੇ ਪਿੰਡ ਚਾਹੜਪੁਰ ‘ਚ ਰਾਵੀ ਦਰਿਆ ਦੇ ਬੇਕਾਬੂ ਪਾਣੀਆਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ 10-10 ਫੁੱਟ ਤੱਕ ਕਿਨਾਰੇ ਟੁੱਟ ਰਹੇ ਹਨ ਅਤੇ ਬਹੁਤ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਆ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਦੋ ਹਿੱਸਿਆਂ ‘ਚ ਵੰਡ ਗਈ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ 33 ਕਿੱਲੇ ਚੋਂ ਅੱਧੀ ਜ਼ਮੀਨ ਦਰਿਆ ਦੇ ਦੂਜੇ ਪਾਸੇ ਰਹਿ ਗਈ ਹੈ। ਹੋਰ ਕਿਸਾਨਾਂ ਨੇ ਵੀ ਆਪਣੇ ਨੁਕਸਾਨ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਮੁਆਵਜ਼ੇ ਦੇ ਬਾਵਜੂਦ ਸਰਕਾਰ ਵੱਲੋਂ ਕਦੇ ਵੀ ਕੋਈ ਢੰਗ ਦਾ ਹੱਲ ਨਹੀਂ ਕੀਤਾ ਗਿਆ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਅਧਿਕਾਰੀ ਜਾਂ ਟੀਮ ਹਾਲਾਤ ਦਾ ਜਾਇਜ਼ਾ ਲੈਣ ਨਹੀਂ ਆਈ। ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਅਸਥਾਈ ਪੁੱਲ ਬਣਾਏ ਤਾਂ ਜੋ ਕਿਸਾਨ ਆਪਣੀ ਰੇਤ ਹਟਾ ਸਕਣ ਅਤੇ ਖੇਤੀਬਾੜੀ ਦਾ ਕੰਮ ਮੁੜ ਸ਼ੁਰੂ ਕਰ ਸਕਣ। ਪੰਧੇਰ ਨੇ ਅੱਗੇ ਕਿਹਾ ਕਿ ਸਰਕਾਰ ਜਦੋਂ ਰੇਤ ਵੇਚਣ ਦਾ ਹੱਕ ਆਪਣੇ ਕੋਲ ਰੱਖਦੀ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਤੁਰੰਤ ਕਾਰਵਾਈ ਕਰੇ
ਕਿਸਾਨ ਆਗੂ ਨੇ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਗਠਨਾਂ ਅਤੇ ਸੇਵਾ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਕਟ ਘੜੀ ਵਿੱਚ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜਦੋਂ ਪੁੱਲ ਬਣੇ ਤਾਂ ਟਰੈਕਟਰਾਂ ਅਤੇ ਡੀਜ਼ਲ ਦੀ ਸਹਾਇਤਾ ਨਾਲ ਦਰਿਆ ਦੇ ਕੰਢੇ ਦੀ ਰੇਤ ਹਟਾਈ ਜਾਵੇ ਤਾਂ ਜੋ ਆਉਣ ਵਾਲੀ ਗੰਹੁੰ ਬੀਜਣ ਦੀ ਪ੍ਰਕਿਰਿਆ ਸਮੇਂ ’ਤੇ ਹੋ ਸਕੇ।