ਮੋਬਾਇਲ ਟਾਵਰ ਦੇ ਵਿਰੋਧ ਦੌਰਾਨ ਹੋਇਆ ਹੰਗਾਮਾ, ਪੁਲਿਸ ਨੇ ਕੀਤੇ ਹਾਲਾਤ ਕਾਬੂ
Latest News: ਕੋਟਕਪੂਰਾ ਦੇ ਜੈਤੋ ਰੋਡ ’ਤੇ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਮੋਬਾਇਲ ਟਾਵਰ ਲਗਾਏ ਜਾਣ ਦੇ ਵਿਰੋਧ ਵਿੱਚ ਮਹੱਲਾ ਨਿਵਾਸੀਆਂ ਵੱਲੋਂ ਮੁੱਖ ਸੜਕ ’ਤੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਦੀ ਧਰਨਾਕਾਰੀਆਂ ਨਾਲ ਤਕਰਾਰ ਹੋ ਗਈ, ਜੋ ਕਿ ਬਾਅਦ ਵਿੱਚ ਲੜਾਈ-ਝਗੜੇ ਵਿੱਚ ਤਬਦੀਲ ਹੋ ਗਈ। ਝਗੜੇ ਦੌਰਾਨ ਉੱਥੇ ਪਈਆਂ ਕੁਰਸੀਆਂ ਵੀ ਚਲਾਈਆਂ ਗਈਆਂ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਪੁਲਿਸ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜੈਤੋ ਰੋਡ ’ਤੇ ਇੱਕ ਵਿਅਕਤੀ ਵੱਲੋਂ ਆਪਣੀ ਨਿੱਜੀ ਜਗ੍ਹਾ ਵਿੱਚ ਮੋਬਾਇਲ ਟਾਵਰ ਲਗਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ’ਤੇ ਮਹੱਲਾ ਨਿਵਾਸੀਆਂ ਨੇ ਇਤਰਾਜ਼ ਜਤਾਇਆ। ਇਸ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ, ਨਗਰ ਕੌਂਸਲ ਸਮੇਤ ਹੋਰ ਸੰਬੰਧਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਜਦੋਂ ਟਾਵਰ ਦਾ ਸਾਰਾ ਸਮਾਨ ਮੌਕੇ ’ਤੇ ਪੁੱਜਿਆ ਤਾਂ ਮਹੱਲਾ ਨਿਵਾਸੀਆਂ ਨੇ ਮੁੱਖ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ਦੌਰਾਨ ਜਦੋਂ ਕੁਝ ਲੋਕ ਉਥੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਧਰਨਾਕਾਰੀਆਂ ਨਾਲ ਤਕਰਾਰ ਹੋ ਗਈ। ਬਾਅਦ ਵਿੱਚ ਉਨ੍ਹਾਂ ਨੇ ਹੋਰ ਨੌਜਵਾਨਾਂ ਨੂੰ ਮੌਕੇ ’ਤੇ ਬੁਲਾ ਲਿਆ, ਜਿਸ ਤੋਂ ਬਾਅਦ ਲੜਾਈ-ਝਗੜਾ ਹੋਇਆ।
ਇਸ ਮਾਮਲੇ ’ਚ ਸਾਬਕਾ ਐਮਸੀ ਜਸਪਾਲ ਸਿੰਘ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਇਸ ਥਾਂ ’ਤੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਸੀ, ਜਿਸ ਸਬੰਧੀ ਉਹ ਪਹਿਲਾਂ ਹੀ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਸਮੇਤ ਹੋਰ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਧਰਨੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਥਾਂ ’ਤੇ ਮੋਬਾਇਲ ਟਾਵਰ ਨਾ ਲਗਾਇਆ ਜਾਵੇ ਅਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।