ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਹੋਈ ਖਤਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਖ਼ਤਮ ਹੋ ਗਈ ਹੈ। ਇਸ ਮੁਲਾਕਾਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਦੇ ਸਾਹਮਣੇ ਉਨ੍ਹਾਂ ਛੇ ਰਾਜ ਸਭਾ ਮੈਂਬਰਾਂ ਦਾ ਮੁੱਦਾ ਚੁੱਕਿਆ ਹੈ, ਜੋ ਆਮ ਆਦਮੀ ਪਾਰਟੀ (ਆਪ) ਦੀ ਟਿਕਟ ‘ਤੇ ਚੁਣੇ ਜਾਣ ਦੇ ਬਾਵਜੂਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਇਸ ਨੂੰ ਜਨਤਕ ਫ਼ਤਵੇ ਨਾਲ ਧੋਖਾ ਕਰਾਰ ਦਿੱਤਾ ਹੈ।
ਰਾਘਵ ਚੱਢਾ ਦੇ ਗੰਭੀਰ ਦੋਸ਼: “ਬਦਲਾਖੋਰੀ ‘ਤੇ ਉਤਰੀ ਸਰਕਾਰ”
ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ, ਬਾਗੀ ਸੰਸਦ ਮੈਂਬਰਾਂ ਦੇ ਵਫ਼ਦ ਨੇ ਰਾਘਵ ਚੱਢਾ ਅਤੇ ਸੰਦੀਪ ਪਾਠਕ ਦੀ ਅਗਵਾਈ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਬਾਅਦ ਚੱਢਾ ਨੇ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪਾਰਟੀ ਛੱਡੀ ਹੈ, ਸਰਕਾਰ ਬਦਲਾਖੋਰੀ ਦੀ ਅੱਗ ਵਿੱਚ ਸੜ ਰਹੀ ਹੈ। ਉਨ੍ਹਾਂ ਕਿਹਾ, “ਜਿੰਨਾ ਚਿਰ ਅਸੀਂ ਉਨ੍ਹਾਂ ਦੀਆਂ ਗੱਲਾਂ ਮੰਨਦੇ ਰਹੇ, ਅਸੀਂ ‘ਨੇਕ’ ਸੀ, ਪਰ ਅੱਜ ਵੱਖ ਹੁੰਦੇ ਹੀ ਸਾਨੂੰ ‘ਭ੍ਰਿਸ਼ਟ’ ਕਿਹਾ ਜਾ ਰਿਹਾ ਹੈ।”
ਰਾਘਵ ਚੱਢਾ ਨੇ ਚੇਤਾਵਨੀ ਦਿੱਤੀ ਕਿ ‘ਆਪ’ ਇੱਕ ਖ਼ਤਰਨਾਕ ਖੇਡ ਖੇਡ ਰਹੀ ਹੈ ਜਿਸ ਦਾ ਅੰਤ ਤਬਾਹੀ ਹੋਵੇਗਾ। ਉਨ੍ਹਾਂ ਯਾਦ ਦਿਵਾਇਆ ਕਿ ‘ਆਪ’ ਕੋਲ ਸਿਰਫ਼ ਇੱਕ ਰਾਜ ਦੀ ਪੁਲਿਸ ਹੈ, ਜਦਕਿ ਭਾਜਪਾ 21 ਰਾਜਾਂ ‘ਤੇ ਰਾਜ ਕਰ ਰਹੀ ਹੈ। ਦੂਜੇ ਪਾਸੇ ਸੰਦੀਪ ਪਾਠਕ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਨਤੀਜੇ ਜਾਂ ਐਫਆਈਆਰ (FIR) ਤੋਂ ਡਰਨ ਵਾਲੇ ਨਹੀਂ ਹਨ।