ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਦਿੱਲੀ ਦੌਰਾ, ਖੇਤੀਬਾੜੀ ਤੇ ਸੜਕ ਆਵਾਜਾਈ ਮੰਤਰੀ ਨਾਲ ਕਰਨਗੇ ਮੀਟਿੰਗ
Bhagwant Mann News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੇ ਦੌਰੇ ‘ਤੇ ਰਹਿਣਗੇ। ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉਹ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨਗੇ। ਇਸ ਦੌਰਾਨ ਉਹ ਪੰਜਾਬ ਦੇ ਕਈ ਅਹਿਮ ਮੁੱਦੇ ਮੰਤਰਾਲੇ ਅੱਗੇ ਰੱਖਣਗੇ। ਦਿੱਲੀ ਦੌਰੇ ਦੌਰਾਨ ਸੀਐਮ ਭਗਵੰਤ ਮਾਨ ਕੇਂਦਰੀ ਸੜਕ ਆਵਾਜਾਈ ਮੰਤਰੀ ਦੇ ਨਾਲ-ਨਾਲ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਨਗੇ।
ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
ਸੀਐਮ ਮਾਨ ਦੀ ਪਹਿਲੀ ਮੁਲਾਕਾਤ ਦੁਪਹਿਰ 1:00 ਵਜੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਹੋਵੇਗੀ। ਇਸ ਦੌਰਾਨ ਉਹ ਪੰਜਾਬ ‘ਚ ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (NHAI) ਦੇ ਪ੍ਰੋਜੈਕਟਸ ‘ਤੇ ਚਰਚਾ ਕਰ ਸਕਦੇ ਹਨ।
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ
ਇਸ ਤੋਂ ਬਾਅਦ ਦੁਪਹਿਰ 3:00 ਵਜੇ ਸੀਐਮ ਮਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਖੇਤੀਬਾੜੀ ਤੇ ਕਿਸਾਨਾਂ ਨਾਲ ਜੁੜੇ ਮੁੱਦੇ ‘ਤੇ ਅਹਿਮ ਚਰਚਾ ਕਰਨਗੇ। ਪੰਜਾਬ ‘ਚ ਕਣਕ ਦੀ ਵਾਢੀ ਦਾ ਸੀਜ਼ਨ ਪੂਰਾ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ‘ਚ ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ। ਸੀਐਮ ਮਾਨ ਕਣਕ ਦੀ ਲਿਫਟਿੰਗ, ਪੰਜਾਬ ਦੀਆਂ ਮੰਡੀਆਂ, ਆੜ੍ਹਤੀਆਂ ਦੇ ਮੁੱਦੇ ਸਮੇਤ ਹੋਰ ਅਹਿਮ ਮੁੱਦਿਆਂ ‘ਤੇ ਗੱਲ ਕਰ ਸਕਦੇ ਹਨ।