CBSE ਦਾ ਵੱਡਾ ਫੈਸਲਾ: 9ਵੀਂ ਜਮਾਤ ‘ਚ ਹੁਣ 3 ਭਾਸ਼ਾਵਾਂ ਪੜ੍ਹਨਾ ਹੋਇਆ ਲਾਜ਼ਮੀ; 2 ਭਾਰਤੀ ਭਾਸ਼ਾਵਾਂ ਹੋਣਗੀਆਂ ਜ਼ਰੂਰੀ, ਜਾਣੋ ਨਵੇਂ ਨਿਯਮ
CBSE New Language Rules: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਕੂਲੀ ਸਿੱਖਿਆ ਦੇ ਢਾਂਚੇ ਵਿੱਚ ਇੱਕ ਇਤਿਹਾਸਕ ਬਦਲਾਅ ਕੀਤਾ ਹੈ। ਬੋਰਡ ਵੱਲੋਂ ਜਾਰੀ ਤਾਜ਼ਾ ਸਰਕੁਲਰ ਅਨੁਸਾਰ, 1 ਜੁਲਾਈ, 2026 ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ (R1, R2, R3) ਦਾ ਅਧਿਐਨ ਕਰਨਾ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਘੱਟੋ-ਘੱਟ ਦੋ ਮੂਲ ਭਾਰਤੀ ਭਾਸ਼ਾਵਾਂ ਹੋਣੀਆਂ ਜ਼ਰੂਰੀ ਹਨ।

ਬੋਰਡ ਨੇ ਇਹ ਕਦਮ ਕੌਮੀ ਸਿੱਖਿਆ ਨੀਤੀ (NEP) 2020 ਅਤੇ ਸਕੂਲ ਸਿੱਖਿਆ ਲਈ ਕੌਮੀ ਪਾਠਕ੍ਰਮ ਢਾਂਚੇ (NCF-SE) 2023 ਦੇ ਨਿਯਮਾਂ ਨੂੰ ਲਾਗੂ ਕਰਨ ਦੇ ਤਹਿਤ ਚੁੱਕਿਆ ਹੈ।
ਵਿਦੇਸ਼ੀ ਭਾਸ਼ਾ ਰੱਖਣ ਵਾਲਿਆਂ ਲਈ ਕੀ ਹੈ ਨਿਯਮ?
15 ਮਈ ਨੂੰ ਜਾਰੀ ਸਰਕੁਲਰ ਮੁਤਾਬਕ, ਜਿਹੜੇ ਵਿਦਿਆਰਥੀ ਕੋਈ ਵਿਦੇਸ਼ੀ ਭਾਸ਼ਾ (ਜਿਵੇਂ ਫ੍ਰੈਂਚ, ਜਰਮਨ ਆਦਿ) ਪੜ੍ਹਨਾ ਚਾਹੁੰਦੇ ਹਨ, ਉਹ ਦੋ ਮੂਲ ਭਾਰਤੀ ਭਾਸ਼ਾਵਾਂ ਦੀ ਚੋਣ ਕਰਨ ਤੋਂ ਬਾਅਦ ਹੀ ਤੀਜੀ ਭਾਸ਼ਾ ਵਜੋਂ ਜਾਂ ਫਿਰ ਇੱਕ ਵਾਧੂ ਚੌਥੀ ਭਾਸ਼ਾ ਵਜੋਂ ਵਿਦੇਸ਼ੀ ਭਾਸ਼ਾ ਨੂੰ ਚੁਣ ਸਕਦੇ ਹਨ।
ਤੀਜੀ ਭਾਸ਼ਾ (R3) ਲਈ ਨਹੀਂ ਹੋਵੇਗੀ ਬੋਰਡ ਪ੍ਰੀਖਿਆ:
ਵਿਦਿਆਰਥੀਆਂ ‘ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਦਬਾਅ ਘਟਾਉਣ ਲਈ ਬੋਰਡ ਨੇ ਇੱਕ ਵੱਡੀ ਰਾਹਤ ਦਿੱਤੀ ਹੈ। ਦਸਵੀਂ ਜਮਾਤ ਦੇ ਪੱਧਰ ‘ਤੇ ਤੀਜੀ ਭਾਸ਼ਾ (R3) ਲਈ ਕੋਈ ਵੀ ਮੁੱਖ ਬੋਰਡ ਪ੍ਰੀਖਿਆ ਨਹੀਂ ਲਈ ਜਾਵੇਗੀ।

ਅੰਦਰੂਨੀ ਮੁਲਾਂਕਣ (Internal Assessment): ਤੀਜੀ ਭਾਸ਼ਾ (R3) ਦੀ ਪ੍ਰੀਖਿਆ ਪੂਰੀ ਤਰ੍ਹਾਂ ਸਕੂਲ-ਪੱਧਰ ‘ਤੇ ਅੰਦਰੂਨੀ ਹੋਵੇਗੀ। ਇਸ ਪ੍ਰੀਖਿਆ ਵਿੱਚ ਵਿਦਿਆਰਥੀ ਦੀ ਕਾਰਗੁਜ਼ਾਰੀ (Performance) ਨੂੰ CBSE ਦੇ ਫਾਈਨਲ ਸਰਟੀਫਿਕੇਟ ਵਿੱਚ ਦਰਸਾਇਆ ਜਾਵੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ R3 ਦੇ ਮੁਲਾਂਕਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਤੋਂ ਨਹੀਂ ਰੋਕਿਆ ਜਾਵੇਗਾ।
ਸਕੂਲਾਂ ਲਈ ਅਹਿਮ ਹਦਾਇਤਾਂ (Important Deadlines)
- ਓਏਐਸਆਈਐਸ (OASIS) ਪੋਰਟਲ ਅਪਡੇਟ: ਬੋਰਡ ਨੇ ਸਾਰੇ ਸਬੰਧਤ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 30 ਜੂਨ, 2026 ਤੱਕ ਆਪਣੇ ਪੋਰਟਲ ‘ਤੇ 6ਵੀਂ ਤੋਂ 9ਵੀਂ ਜਮਾਤ ਲਈ ਪੇਸ਼ ਕੀਤੀਆਂ ਜਾਣ ਵਾਲੀਆਂ R3 ਭਾਸ਼ਾਵਾਂ ਦੀ ਸੂਚੀ ਨੂੰ ਲਾਜ਼ਮੀ ਤੌਰ ‘ਤੇ ਅਪਡੇਟ ਕਰਨ।
- ਸੈਂਪਲ ਪੇਪਰ: ਬੋਰਡ ਵੱਲੋਂ ਸਕੂਲਾਂ ਦੀ ਮਦਦ ਲਈ ਅੰਦਰੂਨੀ ਮੁਲਾਂਕਣ ਦੇ ਨਮੂਨਾ ਪ੍ਰਸ਼ਨ ਪੱਤਰ (Sample Question Papers) ਅਤੇ ਦਿਸ਼ਾ-ਨਿਰਦੇਸ਼ (Rubrics) ਜਲਦੀ ਹੀ ਸਾਂਝੇ ਕੀਤੇ ਜਾਣਗੇ।
- ਲਾਗੂ ਹੋਣ ਦੀ ਮਿਤੀ: 1 ਜੁਲਾਈ, 2026 ਤੋਂ
- ਨਵਾਂ ਨਿਯਮ: 9ਵੀਂ ਜਮਾਤ ਵਿੱਚ 3 ਭਾਸ਼ਾਵਾਂ ਲਾਜ਼ਮੀ (ਜਿਨ੍ਹਾਂ ‘ਚੋਂ 2 ਭਾਰਤੀ ਭਾਸ਼ਾਵਾਂ ਹੋਣ)
- ਰਾਹਤ: 10ਵੀਂ ‘ਚ ਤੀਜੀ ਭਾਸ਼ਾ (R3) ਦੀ ਕੋਈ ਬੋਰਡ ਪ੍ਰੀਖਿਆ ਨਹੀਂ, ਸਿਰਫ਼ ਸਕੂਲ ਪੱਧਰ ‘ਤੇ ਅੰਦਰੂਨੀ ਟੈਸਟ ਹੋਵੇਗਾ।