Banner
Banner

ਧਮਾਕੇ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, ਗੈਰਕਾਨੂੰਨੀ ਪਟਾਕੇ ਬਣਾਉਣ ਵਾਲੀ ਮਹਿਲਾ ਗ੍ਰਿਫ਼ਤਾਰ

Amritsar Ungarh firecracker blast; ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਨਿਰਮਾਣ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਕੁਝ ਦਿਨ ਪਹਿਲਾਂ ਇਸੇ ਇਲਾਕੇ ਵਿੱਚ ਇੱਕ ਘਰ ਅੰਦਰ ਭਿਆਨਕ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਦੋ […]
Jaspreet Singh
By : Published: 23 May 2026 16:55:PM
ਧਮਾਕੇ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, ਗੈਰਕਾਨੂੰਨੀ ਪਟਾਕੇ ਬਣਾਉਣ ਵਾਲੀ ਮਹਿਲਾ ਗ੍ਰਿਫ਼ਤਾਰ

Amritsar Ungarh firecracker blast; ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਨਿਰਮਾਣ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਕੁਝ ਦਿਨ ਪਹਿਲਾਂ ਇਸੇ ਇਲਾਕੇ ਵਿੱਚ ਇੱਕ ਘਰ ਅੰਦਰ ਭਿਆਨਕ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਸੀ।

ਏਸੀਪੀ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਸਬ-ਡਿਵੀਜ਼ਨ ਅਧੀਨ ਥਾਣਾ ਗੇਟ ਹਕੀਮਾਂ ਦੀ ਐਸਐਚਓ ਮਨਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਣਗੜ੍ਹ ਇਲਾਕੇ ਵਿੱਚ ਘਰਾਂ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਨੇ ਛਾਪੇਮਾਰੀ ਕੀਤੀ।

ਪੁਲਿਸ ਮੁਤਾਬਕ ਛਾਪੇਮਾਰੀ ਦੌਰਾਨ ਕੁਲਵਿੰਦਰ ਕੌਰ ਨਾਮ ਦੀ ਮਹਿਲਾ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਗਿਆ, ਜਦੋਂ ਉਹ ਘਰ ਅੰਦਰ ਪਟਾਕੇ ਤਿਆਰ ਕਰ ਰਹੀ ਸੀ। ਮੌਕੇ ਤੋਂ ਭਾਰੀ ਮਾਤਰਾ ਵਿੱਚ ਗੈਰਕਾਨੂੰਨੀ ਪਟਾਕੇ ਅਤੇ ਪਟਾਕੇ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਐਕਸਪਲੋਸਿਵ ਐਕਟ ਤਹਿਤ ਮਾਮਲਾ ਨੰਬਰ 147 ਦਰਜ ਕਰਕੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਉਸ ਖ਼ਿਲਾਫ਼ ਅਗਲੀ ਕਾਨੂੰਨੀ ਅਤੇ ਪ੍ਰਿਵੈਂਟਿਵ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਵੀਰਵਾਰ ਨੂੰ ਅਣਗੜ੍ਹ ਪੁਲਿਸ ਚੌਕੀ ਤੋਂ ਕੇਵਲ 50 ਮੀਟਰ ਦੀ ਦੂਰੀ ’ਤੇ ਇਕ ਘਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਪੁਲਿਸ ਪ੍ਰਸ਼ਾਸਨ ’ਤੇ ਵੀ ਸਵਾਲ ਖੜ੍ਹੇ ਹੋਏ ਸਨ।

ਏਸੀਪੀ ਸੁਰਿੰਦਰ ਸਿੰਘ ਨੇ ਕਿਹਾ ਕਿ ਘਰਾਂ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਤਿਆਰ ਕਰਨਾ ਬਹੁਤ ਹੀ ਖ਼ਤਰਨਾਕ ਕੰਮ ਹੈ, ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਥਾਂ ਅਜਿਹੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਜਿਕਰਯੋਗ ਹੈ ਕਿ ਪਿਛਲੇ 15 ਸਾਲਾਂ ਦੌਰਾਨ ਅਣਗੜ੍ਹ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਜਾਂ ਬਾਰੂਦ ਬਣਾਉਣ ਅਤੇ ਸਟੋਰ ਕਰਨ ਕਾਰਨ 8 ਵੱਡੇ ਧਮਾਕੇ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕੁੱਲ 11 ਲੋਕਾਂ ਦੀ ਮੌਤ ਹੋਈ ਹੈ ਜਦਕਿ 29 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਕਈ ਲੋਕਾਂ ਦੀਆਂ ਅੱਖਾਂ, ਹੱਥ ਅਤੇ ਪੈਰ ਤੱਕ ਨੁਕਸਾਨੀ ਹੋ ਚੁੱਕੇ ਹਨ। ਇਸ ਦੇ ਬਾਵਜੂਦ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਨਿਰਮਾਣ ਦਾ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

Read Latest News and Breaking News at Daily Post TV, Browse for more News

Ad
Ad