ਰਾਜਸਭਾ ਚੋਣਾਂ: ਝਾਰਖੰਡ ‘ਚ ਕਰਾਸ ਵੋਟਿੰਗ ਕਾਰਨ ਕਾਂਗਰਸ ਹਾਰੀ, ਭਾਜਪਾ ਸਮਰਥਿਤ ਨਾਥਵਾਨੀ ਜਿੱਤੇ; 26 ‘ਚੋਂ 19 ਸੀਟਾਂ ‘ਤੇ NDA ਦਾ ਕਬਜ਼ਾ
ਦੇਸ਼ ਦੇ 12 ਰਾਜਾਂ ਦੀਆਂ 26 ਰਾਜਸਭਾ ਸੀਟਾਂ ਲਈ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ, ਜਿਸ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ (NDA) ਗਠਜੋੜ ਨੇ ਵੱਡੀ ਜਿੱਤ ਦਰਜ ਕੀਤੀ ਹੈ। ਇਹਨਾਂ 26 ਸੀਟਾਂ ਵਿੱਚੋਂ 19 ਸੀਟਾਂ ਐੱਨਡੀਏ ਦੇ ਖਾਤੇ ਵਿੱਚ ਗਈਆਂ ਹਨ, ਜਦਕਿ ਵਿਰੋਧੀ ਧਿਰ ਦੇ ‘ਇੰਡੀਆ’ (INDIA) ਬਲਾਕ ਨੂੰ 6 ਸੀਟਾਂ ਮਿਲੀਆਂ ਹਨ ਅਤੇ ਇੱਕ ਸੀਟ ਮਿਜ਼ੋਰਮ ਦੀ ਸਥਾਨਕ ਪਾਰਟੀ ਜੋਰਾਮ ਪੀਪਲਜ਼ ਮੂਵਮੈਂਟ (ZPM) ਨੇ ਜਿੱਤੀ ਹੈ। ਇਸ ਚੋਣ ਨਤੀਜੇ ਤੋਂ ਬਾਅਦ ਐੱਨਡੀਏ ਅਤੇ ਇੰਡੀਆ ਬਲਾਕ ਦੋਵਾਂ ਨੂੰ ਇੱਕ-ਇੱਕ ਸੀਟ ਦਾ ਫਾਇਦਾ ਹੋਇਆ ਹੈ। ਕੁੱਲ 26 ਸੀਟਾਂ ਵਿੱਚੋਂ 23 ਸੀਟਾਂ ‘ਤੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ (ਨਿਰਵਿਰੋਧ) ਜਿੱਤ ਚੁੱਕੇ ਸਨ, ਜਦਕਿ ਝਾਰਖੰਡ ਦੀਆਂ 2 ਅਤੇ ਮਿਜ਼ੋਰਮ ਦੀ 1 ਸੀਟ ‘ਤੇ ਉਮੀਦਵਾਰ ਜ਼ਿਆਦਾ ਹੋਣ ਕਰਕੇ ਵੋਟਿੰਗ ਕਰਵਾਉਣੀ ਪਈ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਤਾਮਿਲਨਾਡੂ ਦੀ ਇੱਕ-ਇੱਕ ਸੀਟ ‘ਤੇ ਉਪ-ਚੋਣ ਵੀ ਹੋਈ, ਜਿੱਥੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ।
ਇਸ ਚੋਣ ਵਿੱਚ ਸਭ ਤੋਂ ਵੱਡਾ ਉਲਟਫੇਰ ਝਾਰਖੰਡ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਜ਼ਬਰਦਸਤ ਕਰਾਸ ਵੋਟਿੰਗ ਹੋਈ। ਝਾਰਖੰਡ ਵਿੱਚ ਰਾਜਸਭਾ ਦੀ ਇੱਕ ਸੀਟ ਜਿੱਤਣ ਲਈ 28 ਵਿਧਾਇਕਾਂ ਦੇ ਵੋਟਾਂ ਦੀ ਲੋੜ ਸੀ। ਝਾਰਖੰਡ ਮੁਕਤੀ ਮੋਰਚਾ (JMM) ਦੇ ਉਮੀਦਵਾਰ ਬੈਧਨਾਥ ਰਾਮ ਨੇ 31 ਵੋਟਾਂ ਹਾਸਲ ਕਰਕੇ ਆਸਾਨੀ ਨਾਲ ਜਿੱਤ ਦਰਜ ਕਰ ਲਈ। ਪਰ ਦੂਜੀ ਸੀਟ ਲਈ ਹੋਏ ਮੁਕਾਬਲੇ ਵਿੱਚ ਵੱਡਾ ਹੰਗਾਮਾ ਹੋ ਗਿਆ। ਇੱਥੇ ਐੱਨਡੀਏ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਅਤੇ ਮਸ਼ਹੂਰ ਉਦਯੋਗਪਤੀ ਪਰਿਮਲ ਨਾਥਵਾਨੀ ਦਾ ਮੁਕਾਬਲਾ ਕਾਂਗਰਸ ਦੇ ਪ੍ਰਣਵ ਝਾਅ ਨਾਲ ਸੀ। ਐੱਨਡੀਏ ਕੋਲ ਆਪਣੇ ਸਿਰਫ਼ 24 ਵਿਧਾਇਕ ਸਨ, ਪਰ ਕਰਾਸ ਵੋਟਿੰਗ ਦੌਰਾਨ ਵਿਰੋਧੀ ਖੇਮੇ ਦੇ 4 ਵਿਧਾਇਕਾਂ ਨੇ ਪਰਿਮਲ ਨਾਥਵਾਨੀ ਦੇ ਹੱਕ ਵਿੱਚ ਵੋਟ ਪਾ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਕੁੱਲ 30 ਵੋਟਾਂ ਮਿਲੀਆਂ ਅਤੇ ਉਹ ਜਿੱਤ ਗਏ। ਦੂਜੇ ਪਾਸੇ ਕਾਂਗਰਸ ਦੇ ਪ੍ਰਣਵ ਝਾਅ ਨੂੰ ਸਿਰਫ਼ 20 ਵੋਟਾਂ ਹੀ ਮਿਲ ਸਕੀਆਂ ਅਤੇ ਉਹ ਚੋਣ ਹਾਰ ਗਏ। ਇਸ ਹਾਰ ਤੋਂ ਬਾਅਦ ਕਾਂਗਰਸ ਨੇ ਆਰਜੇਡੀ (RJD) ਅਤੇ ਲੈਫਟ ਪਾਰਟੀਆਂ ‘ਤੇ ਧੋਖਾ ਦੇਣ ਅਤੇ ਸਾਥ ਨਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ।
ਕਿਹੜੇ ਰਾਜ ਵਿੱਚੋਂ ਕੌਣ ਜਿੱਤਿਆ?
- ਕਰਨਾਟਕ (4 ਸੀਟਾਂ): 3 ਕਾਂਗਰਸ (ਮੱਲਿਕਾਰਜੁਨ ਖੜਗੇ, ਪਵਨ ਖੇੜਾ, ਮੰਸੂਰ ਅਲੀ ਖਾਨ) ਅਤੇ 1 ਭਾਜਪਾ (ਐੱਮ. ਨਾਗਰਾਜਾ) ਜਿੱਤੇ।
- ਰਾਜਸਥਾਨ (3 ਸੀਟਾਂ): 2 ਭਾਜਪਾ (ਸਤੀਸ਼ ਪੂਨੀਆ, ਅਲਕਾ ਗੁੱਜਰ) ਅਤੇ 1 ਕਾਂਗਰਸ (ਨੀਰਜ ਡਾਂਗੀ) ਜਿੱਤੇ।
- ਗੁਜਰਾਤ (4 ਸੀਟਾਂ): 4 ਭਾਜਪਾ (ਰਾਜੂ ਸ਼ੁਕਲਾ, ਮਾਨਸਿੰਘ ਪਰਮਾਰ, ਮੁਕੇਸ਼ ਰਾਠਵਾ, ਜਿਤੇਂਦਰ ਕੰਜ਼ਾਰੀਆ) ਜਿੱਤੇ।
- ਮੱਧ ਪ੍ਰਦੇਸ਼ (3 ਸੀਟਾਂ): 3 ਭਾਜਪਾ (ਰਜਨੀਸ਼ ਅਗਰਵਾਲ, ਤਰੁਣ ਚੁੱਘ, ਮਹੇਸ਼ ਕੇਵਟ) ਜਿੱਤੇ।
- ਆਂਧਰਾ ਪ੍ਰਦੇਸ਼ (4 ਸੀਟਾਂ): 3 ਟੀਡੀਪੀ (ਬੱਸ਼ਾਮ ਰਾਮਕ੍ਰਿਸ਼ਨਾ, ਲਿੰਗਮਨੇਨੀ ਰਮੇਸ਼, ਸੀ. ਵਿਜੇ) ਅਤੇ 1 ਜਨ ਸੇਨਾ (ਸਨਾ ਸਤੀਸ਼ ਬਾਬੂ) ਜਿੱਤੇ।
- ਝਾਰਖੰਡ (2 ਸੀਟਾਂ): ਬੈਧਨਾਥ ਰਾਮ (JMM) ਅਤੇ ਪਰਿਮਲ ਨਾਥਵਾਨੀ (ਭਾਜਪਾ/ਆਜ਼ਾਦ) ਜਿੱਤੇ।
- ਮਿਜ਼ੋਰਮ (1 ਸੀਟ): ਕੇ. ਲਲਟਲੁਆਂਗਕੀਮਾ (ZPM) ਜਿੱਤੇ।
- ਮਣੀਪੁਰ (1 ਸੀਟ): ਏ. ਸ਼ਾਰਦਾ ਦੇਵੀ (ਭਾਜਪਾ) ਜਿੱਤੇ।
- ਅਰੁਣਾਚਲ ਪ੍ਰਦੇਸ਼ (1 ਸੀਟ): ਤਾਈ ਤਾਗਾਕ (ਭਾਜਪਾ) ਜਿੱਤੇ।
- ਮੇਘਾਲਿਆ (1 ਸੀਟ): ਜੇਮਸ ਸੰਗਮਾ (NPP) ਜਿੱਤੇ।
ਰਾਜਸਭਾ ਦੀਆਂ 2 ਸੀਟਾਂ ‘ਤੇ ਉਪ-ਚੋਣਾਂ ਦੇ ਨਤੀਜੇ:
- ਮਹਾਰਾਸ਼ਟਰ (1 ਸੀਟ): ਰਾਜੇਂਦਰ ਜੈਨ (NCP) ਨਿਰਵਿਰੋਧ ਜਿੱਤੇ।
- ਤਾਮਿਲਨਾਡੂ (1 ਸੀਟ): ਪ੍ਰਵੀਨ ਚੱਕਰਵਰਤੀ (ਕਾਂਗਰਸ) ਨਿਰਵਿਰੋਧ ਜਿੱਤੇ।