ਦਰਿਆ ਦੇ ਤੇਜ਼ ਬਹਾਅ ‘ਚ ਵਹੇ ਦੋ ਸਕੇ ਭਰਾ, ਭਾਲ ਲਈ ਰੈਸਕਿਊ ਆਪਰੇਸ਼ਨ ਜਾਰੀ
Amritsar Brothers Drowned; ਅੰਮ੍ਰਿਤਸਰ ਦੇ ਬਾਬਾ ਬਕਾਲਾ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਦੋ ਸਕੇ ਭਰਾ ਦਰਿਆ ਦੇ ਤੇਜ਼ ਬਹਾਅ ਵਿੱਚ ਵਹਿ ਗਏ। ਘਟਨਾ ਤੋਂ ਬਾਅਦ ਦੋਵਾਂ ਭਰਾਵਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਲਗਾਤਾਰ ਮੌਕੇ ‘ਤੇ ਮੌਜੂਦ ਹਨ। ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਮਿਲ ਜਾਣਗੇ।
ਜਾਣਕਾਰੀ ਮੁਤਾਬਕ ਲਾਪਤਾ ਹੋਏ ਦੋਵਾਂ ਭਰਾਵਾਂ ਦੀ ਪਛਾਣ ਸੁਖਰਾਜ ਸਿੰਘ (17) ਅਤੇ ਉਸਦੇ ਵੱਡੇ ਭਰਾ ਪ੍ਰਿੰਸ ਰਾਜਾ (18) ਵਜੋਂ ਹੋਈ ਹੈ। ਸੁਖਰਾਜ ਸਿੰਘ ਸਿੱਖ ਸਰੂਪ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਪਰਿਵਾਰ ਦੀ ਨਵੀਂ ਕੋਠੀ ਦਾ ਮੁਹੂਰਤ ਹੋਇਆ ਸੀ। ਉੱਥੇ ਹੀ ਵੱਡੇ ਪੁੱਤਰ ਦੇ ਵਿਦੇਸ਼ ਜਾਣ ਦੀ ਤਿਆਰੀ ਵੀ ਚੱਲ ਰਹੀ ਸੀ, ਜਿਸ ਕਾਰਨ ਰਿਸ਼ਤੇਦਾਰ ਘਰ ਆਏ ਹੋਏ ਸਨ।
ਭਰਾ ਨੂੰ ਬਚਾਉਣ ਲਈ ਦੂਜਾ ਵੀ ਦਰਿਆ ‘ਚ ਕੁੱਦਿਆ
ਪਰਿਵਾਰਕ ਮੈਂਬਰਾਂ ਮੁਤਾਬਕ ਸਾਰੇ ਲੋਕ ਦਰਿਆ ਦੇਖਣ ਲਈ ਗਏ ਸਨ। ਇਸ ਦੌਰਾਨ ਇੱਕ ਭਰਾ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬਣ ਲੱਗਾ। ਉਸਨੇ ਬਚਾਉਣ ਲਈ ਆਵਾਜ਼ ਲਗਾਈ ਤਾਂ ਦੂਜਾ ਭਰਾ ਉਸਨੂੰ ਬਚਾਉਣ ਲਈ ਦਰਿਆ ਵਿੱਚ ਕੁੱਦ ਪਿਆ। ਪਰ ਤੇਜ਼ ਬਹਾਅ ਕਾਰਨ ਦੇਖਦੇ ਹੀ ਦੇਖਦੇ ਦੋਵੇਂ ਭਰਾ ਪਾਣੀ ਵਿੱਚ ਲਾਪਤਾ ਹੋ ਗਏ।
ਦੁਬਾਰਾ ਸ਼ੁਰੂ ਹੋਇਆ ਸਰਚ ਆਪਰੇਸ਼ਨ
ਘਟਨਾ ਦੀ ਸੂਚਨਾ ਐਤਵਾਰ ਸ਼ਾਮ ਕਰੀਬ ਸਾਢੇ 4 ਵਜੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਨੂੰ ਦਿੱਤੀ ਗਈ। ਸਥਾਨਕ ਲੋਕਾਂ ਨੇ ਵੀ ਆਪਣੇ ਪੱਧਰ ‘ਤੇ ਕਾਫੀ ਦੇਰ ਤੱਕ ਭਾਲ ਕੀਤੀ, ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਹਨੇਰਾ ਹੋਣ ਕਾਰਨ ਦੇਰ ਸ਼ਾਮ ਰੈਸਕਿਊ ਆਪਰੇਸ਼ਨ ਰੋਕਣਾ ਪਿਆ ਸੀ ਅਤੇ ਗੋਤਾਖੋਰਾਂ ਨੇ ਸਵੇਰੇ ਦੁਬਾਰਾ ਭਾਲ ਸ਼ੁਰੂ ਕਰਨ ਦੀ ਗੱਲ ਕਹੀ ਸੀ। ਹੁਣ ਇੱਕ ਵਾਰ ਫਿਰ ਤਲਾਸ਼ੀ ਮੁਹਿੰਮ ਜਾਰੀ ਹੈ।
ਇੱਕ ਧਾਰਮਿਕ ਪਾਠ ਕਰਦਾ ਸੀ, ਦੂਜਾ ਦਿਹਾੜੀ ਮਜ਼ਦੂਰੀ
ਲਾਪਤਾ ਨੌਜਵਾਨਾਂ ਦੇ ਚਾਚਾ ਗੱਜਣ ਸਿੰਘ ਨੇ ਦੱਸਿਆ ਕਿ ਦੋਵੇਂ ਸਕੇ ਭਰਾ ਸਨ। ਇੱਕ ਧਾਰਮਿਕ ਪਾਠ ਕਰਦਾ ਸੀ, ਜਦਕਿ ਦੂਜਾ ਦਿਹਾੜੀ ਮਜ਼ਦੂਰੀ ਕਰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਦੋਵਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਜਿਵੇਂ ਹੀ ਘਰ ਦੇ ਹੋਰ ਬੱਚਿਆਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਪੂਰਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ।
ਭਰਾਵਾਂ ਦੀ ਸਲਾਮਤੀ ਲਈ ਅਰਦਾਸ
ਫਿਲਹਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਰੈਸਕਿਊ ਟੀਮ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ ਅਤੇ ਦੋਵਾਂ ਭਰਾਵਾਂ ਦੇ ਜਲਦ ਸੁਰੱਖਿਅਤ ਮਿਲਣ ਲਈ ਅਰਦਾਸ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।