ਕੈਨੇਡਾ ਤੋਂ 7 ਮਹੀਨਿਆਂ ਵਿੱਚ 12,491 ਲੋਕ ਡਿਪੋਰਟ, 3,717 ਭਾਰਤੀ, ਲਿਸਟ ‘ਚ ਕਰੀਬ 60% ਪੰਜਾਬੀ ਸ਼ਾਮਿਲ
- ਸਟੂਡੈਂਟਸ ਦੀ ਗਿਣਤੀ ਜ਼ਿਆਦਾ ਹੋਣ ਦਾ ਦਾਅਵਾ
3717 Indians deported from Canada: ਨਵੀਂ ਦਿੱਲੀ: ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਹੋਣ ਦੇ ਵਿਚਕਾਰ 2026 ਦੇ ਪਹਿਲੇ ਸੱਤ ਮਹੀਨਿਆਂ ਵਿੱਚ 12,491 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ 31 ਜੁਲਾਈ 2026 ਤੱਕ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚ 3,717 ਭਾਰਤੀ ਨਾਗਰਿਕ ਹਨ। ਇਹ ਕੁੱਲ ਰਿਮੂਵਲ ਦਾ ਲਗਭਗ 29.8% ਬਣਦਾ ਹੈ।
ਰਿਪੋਰਟ ਮੁਤਾਬਕ ਹਟਾਏ ਗਏ ਭਾਰਤੀ ਨਾਗਰਿਕਾਂ ਵਿੱਚੋਂ ਕਰੀਬ 60% ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਵਿਦਿਆਰਥੀਆਂ ਦੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਅਗਲੇ ਵੀਜ਼ਾ ਜਾਂ ਇਮੀਗ੍ਰੇਸ਼ਨ ਸਟੇਟਸ ਦੀ ਮਨਜ਼ੂਰੀ ਨਹੀਂ ਮਿਲ ਸਕੀ।
2025 ਦੇ ਪੂਰੇ ਅੰਕੜੇ ਦੇ ਕਰੀਬ ਪਹੁੰਚਿਆ 2026
ਕੈਨੇਡੀਅਨ ਪੱਤਰਕਾਰ ਐੱਨ. ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 2025 ਵਿੱਚ ਪੂਰੇ ਸਾਲ ਦੌਰਾਨ 3,779 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਇਆ ਗਿਆ ਸੀ, ਜਦਕਿ 2026 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਹੀ ਇਹ ਗਿਣਤੀ 3,717 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ 44,781 ਲੋਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਨ੍ਹਾਂ ਵਿੱਚ 8,817 ਭਾਰਤੀ ਨਾਗਰਿਕ ਹਨ, ਜੋ ਲੰਬਿਤ ਮਾਮਲਿਆਂ ਦਾ ਕਰੀਬ 19.7% ਹਨ।
ਸਭ ਤੋਂ ਵੱਧ ਮਾਮਲੇ ਸ਼ਰਨ ਅਤੇ ਸਟੇਟਸ ਨਾਲ ਸਬੰਧਤ
CBSA ਦੇ ਅੰਕੜਿਆਂ ਅਨੁਸਾਰ 12,491 ਰਿਮੂਵਲ ਵਿੱਚੋਂ ਸਭ ਤੋਂ ਵੱਧ 10,050 ਮਾਮਲੇ ਰਿਫਿਊਜੀ ਕਲੇਮ ਨਾਲ ਜੁੜੇ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਸਬੰਧਤ ਸਨ। ਇਸ ਤੋਂ ਇਲਾਵਾ 1,544 ਨਾਨ-ਕਲੇਮ ਨਾਨ-ਕੰਪਲਾਇੰਸ, 746 ਕ੍ਰਿਮਿਨੈਲਿਟੀ ਅਤੇ 67 ਮਿਸਰਿਪ੍ਰਜ਼ੈਂਟੇਸ਼ਨ ਦੇ ਮਾਮਲੇ ਸਨ। ਇਮੀਗ੍ਰੇਸ਼ਨ ਦਸਤਾਵੇਜ਼ਾਂ ਵਿੱਚ ਗਲਤ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਕੈਨੇਡਾ ਸਰਕਾਰ ਵੱਲੋਂ 5 ਸਾਲ ਤੱਕ ਦਾ ਦਾਖਲਾ ਬੈਨ ਲਗਾਇਆ ਜਾ ਸਕਦਾ ਹੈ।
CBSA ਨੇ 3 ਸਤੰਬਰ 2026 ਤੱਕ ਐਕਸਟੌਰਸ਼ਨ ਨਾਲ ਸੰਭਾਵਿਤ ਸਬੰਧ ਵਾਲੇ ਮਾਮਲਿਆਂ ਵਿੱਚ 188 ਰਿਮੂਵਲ ਆਰਡਰ ਜਾਰੀ ਕੀਤੇ ਸਨ। ਇਨ੍ਹਾਂ ਵਿੱਚੋਂ 111 ਲੋਕਾਂ ਨੂੰ ਕੈਨੇਡਾ ਤੋਂ ਹਟਾਇਆ ਜਾ ਚੁੱਕਾ ਹੈ। ਏਜੰਸੀ ਮੁਤਾਬਕ ਗੰਭੀਰ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਹਟਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਪੰਜਾਬ ਲਈ ਕਿਉਂ ਅਹਿਮ ਹਨ ਇਹ ਅੰਕੜੇ ?
ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਵੱਡੀ ਗਿਣਤੀ ਹੈ। ਇਸ ਕਾਰਨ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਅਤੇ ਡਿਪੋਰਟ ਦੀ ਵਧ ਰਹੀ ਗਿਣਤੀ ਦਾ ਪ੍ਰਭਾਵ ਪੰਜਾਬ ਨਾਲ ਜੁੜੇ ਪਰਿਵਾਰਾਂ ਅਤੇ ਕੈਨੇਡਾ ਵਿੱਚ ਪੜ੍ਹ ਰਹੇ ਜਾਂ ਕੰਮ ਕਰ ਰਹੇ ਪੰਜਾਬੀ ਨੌਜਵਾਨਾਂ ਲਈ ਖਾਸ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
