ਅਭਿਸ਼ੇਕ ਬੈਨਰਜੀ ਨੇ ਹਮਲਾ ਕਰਨ ਦੇ ਲਾਏ ਦੋਸ਼, ਕਿਹਾ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਆਪਣੇ ਘਰ ’ਤੇ ਹਮਲਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੁਤਾਬਕ ਸ਼ਨੀਵਾਰ ਤੜਕੇ ਕਰੀਬ 2 ਵਜੇ ਕੁਝ ਹਥਿਆਰਬੰਦ ਲੋਕ ਕੋਲਕਾਤਾ ਦੇ ਕਾਲੀਘਾਟ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ’ਤੇ ਹਮਲਾ ਕੀਤਾ। ਅਭਿਸ਼ੇਕ ਨੇ ਇਸ ਪਿੱਛੇ ਭਾਜਪਾ ਸਮਰਥਕਾਂ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ।
ਟੀਐਮਸੀ ਆਗੂ ਨੇ ਦਾਅਵਾ ਕੀਤਾ ਕਿ ਹਮਲਾਵਰਾਂ ਦਾ ਇਰਾਦਾ ਉਨ੍ਹਾਂ ਨੂੰ ਜਾਨੋਂ ਮਾਰਨ ਦਾ ਸੀ ਅਤੇ ਇਹ ਘਟਨਾ ਕੋਲਕਾਤਾ ਪੁਲਿਸ ਦੀ ਮੌਜੂਦਗੀ ਵਿੱਚ ਵਾਪਰੀ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕੁਝ ਵਰਕਰ ਵੀ ਜ਼ਖ਼ਮੀ ਹੋਏ ਹਨ। ਘਟਨਾ ਸਮੇਂ ਰਿਹਾਇਸ਼ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਅਭਿਸ਼ੇਕ ਨੇ ਕਿਹਾ ਕਿ ਉਹ ਜਲਦੀ ਹੀ ਹਮਲੇ ਨਾਲ ਸਬੰਧਤ ਵੀਡੀਓ ਵੀ ਜਾਰੀ ਕਰਨਗੇ।
ਪਹਿਲਾਂ ਵੀ ਲਾ ਚੁੱਕੇ ਹਨ ਹਮਲੇ ਦੇ ਦੋਸ਼
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਸ਼ੇਕ ਬੈਨਰਜੀ ਨੇ ਆਪਣੇ ਘਰ ’ਤੇ ਹਮਲੇ ਦਾ ਦੋਸ਼ ਲਾਇਆ ਹੋਵੇ। ਉਨ੍ਹਾਂ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਕੁਝ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ’ਤੇ ਆ ਕੇ ਉਨ੍ਹਾਂ ਦੇ ਘਰ ਅਤੇ ਦਫ਼ਤਰ ਦੀ ਰੇਕੀ ਕਰ ਰਹੇ ਸਨ। ਉਨ੍ਹਾਂ ਮੁਤਾਬਕ 6 ਨਵੰਬਰ 2026 ਨੂੰ ਵੀ ਰਾਤ ਕਰੀਬ 2 ਵਜੇ ਉਨ੍ਹਾਂ ਦੀ ਰਿਹਾਇਸ਼ ’ਤੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਵੀ ਉਨ੍ਹਾਂ ਨੇ ਭਾਜਪਾ ਸਮਰਥਕਾਂ ’ਤੇ ਇਲਜ਼ਾਮ ਲਾਉਂਦਿਆਂ ਕੋਲਕਾਤਾ ਪੁਲਿਸ ਦੀ ਭੂਮਿਕਾ ’ਤੇ ਸਵਾਲ ਚੁੱਕੇ ਸਨ। ਇਸ ਤੋਂ ਪਹਿਲਾਂ 30 ਜੂਨ ਅਤੇ 1 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਵੀ ਅਭਿਸ਼ੇਕ ਨੇ ਦੋਸ਼ ਲਾਇਆ ਸੀ ਕਿ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਦੇ ਘਰ ’ਤੇ ਪੱਥਰ ਸੁੱਟੇ ਸਨ।
ਪਾਰਟੀ ਦਫ਼ਤਰ ’ਤੇ ਹਮਲੇ ਦਾ ਵੀ ਲਾਇਆ ਸੀ ਦੋਸ਼
ਅਭਿਸ਼ੇਕ ਬੈਨਰਜੀ ਨੇ ਸਤੰਬਰ ਮਹੀਨੇ ਵਿੱਚ ਵੀ ਭਾਜਪਾ ਵਰਕਰਾਂ ’ਤੇ ਕੋਲਕਾਤਾ ਸਥਿਤ ਟੀਐਮਸੀ ਦੇ ਪਾਰਟੀ ਦਫ਼ਤਰ ਵਿੱਚ ਹਮਲਾ ਅਤੇ ਭੰਨਤੋੜ ਕਰਨ ਦੇ ਦੋਸ਼ ਲਾਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਤੜਕੇ ਕਰੀਬ 4:30 ਵਜੇ ਹਥਿਆਰਾਂ ਨਾਲ ਲੈਸ ਕੁਝ ਲੋਕ ਕੈਮੈਕ ਸਟਰੀਟ ਸਥਿਤ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਪਾਰਟੀ ਵਰਕਰਾਂ ਨਾਲ ਕੁੱਟਮਾਰ ਕੀਤੀ। ਹੁਣ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਰਿਹਾਇਸ਼ ’ਤੇ ਹਮਲੇ ਦਾ ਦੋਸ਼ ਲਾਇਆ ਹੈ।