PM ਮੋਦੀ ਨਾਲ ਮਹਿਲਾ ਦੀ ਮਾਰਫ਼ਡ ਤਸਵੀਰ ਮਾਮਲਾ: ਦਿੱਲੀ HC ਨੇ Meta ਨੂੰ ਹਟਾਉਣ ਦੇ ਦਿੱਤੇ ਹੁਕਮ
Case regarding morphed photo with PM Modi: ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਮਹਿਲਾ ਦੀ ਕਥਿਤ ਮਾਰਫ਼ਡ ਅਤੇ ਇਤਰਾਜ਼ਯੋਗ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੇ ਜਾਣ ਦੇ ਮਾਮਲੇ ਵਿੱਚ Meta ਨੂੰ ਸਬੰਧਤ ਸਮੱਗਰੀ 24 ਘੰਟਿਆਂ ਦੇ ਅੰਦਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਹਿਲਾ ਨੂੰ ਪੁਲੀਸ ਸੁਰੱਖਿਆ ਦੇਣ ਦੇ ਵੀ ਹੁਕਮ ਦਿੱਤੇ ਹਨ। ਜਸਟਿਸ ਗਿਰੀਸ਼ ਕਠਪਾਲੀਆ ਨੇ ਸੁਣਵਾਈ ਦੌਰਾਨ ਕਿਹਾ ਕਿ ਮਾਮਲਾ ਸਿਰਫ਼ ਮਹਿਲਾ ਨਾਲ ਸਬੰਧਤ ਨਹੀਂ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਜੁੜਿਆ ਹੋਇਆ ਹੈ। ਅਦਾਲਤ ਨੇ ਦਿੱਲੀ ਪੁਲੀਸ ਤੋਂ ਜਾਂਚ ਦੀ ਪ੍ਰਗਤੀ ਸਬੰਧੀ ਸਟੇਟਸ ਰਿਪੋਰਟ ਵੀ ਮੰਗੀ ਹੈ।
ਮਹਿਲਾ ਨੇ ਆਪਣੀ ਪਟੀਸ਼ਨ ਵਿੱਚ ਕੌਕਰੋਚ ਜਨਤਾ ਪਾਰਟੀ (CJP) ਦੇ ਆਗੂਆਂ ਸੌਰਵ ਦਾਸ, ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਰਤਨਾ ਸਿੰਘ ’ਤੇ ਉਸ ਦੀ ਤਸਵੀਰ ਦੀ ਕਥਿਤ ਤੌਰ ’ਤੇ AI ਅਤੇ ਡੀਪਫੇਕ ਤਕਨੀਕ ਰਾਹੀਂ ਛੇੜਛਾੜ ਕਰਕੇ ਪ੍ਰਧਾਨ ਮੰਤਰੀ ਨਾਲ ਜੋੜੀ ਇਤਰਾਜ਼ਯੋਗ ਤਸਵੀਰ ਤਿਆਰ ਕਰਨ ਅਤੇ ਫੈਲਾਉਣ ਦੇ ਦੋਸ਼ ਲਗਾਏ ਹਨ। ਅਦਾਲਤ ਨੇ ਇਨ੍ਹਾਂ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਪਟੀਸ਼ਨ ਮੁਤਾਬਕ, ਇਹ ਸਮੱਗਰੀ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨ ਨਾਲ ਸਬੰਧਤ ਦੱਸੀ ਗਈ ਹੈ। ਮਹਿਲਾ ਨੇ ਇਹ ਵੀ ਦਾਅਵਾ ਕੀਤਾ ਕਿ ਤਸਵੀਰਾਂ ਅਤੇ ਵੀਡੀਓ ਆਨਲਾਈਨ ਫੈਲਣ ਤੋਂ ਬਾਅਦ ਉਸ ਨੂੰ ਧਮਕੀਆਂ ਮਿਲੀਆਂ। ਦਿੱਲੀ ਪੁਲੀਸ ਮੁਤਾਬਕ ਇਸ ਮਾਮਲੇ ਵਿੱਚ FIR ਦਰਜ ਕੀਤੀ ਜਾ ਚੁੱਕੀ ਹੈ ਅਤੇ ਜਾਂਚ ਜਾਰੀ ਹੈ। ਅਦਾਲਤ ਨੇ ਮਹਿਲਾ ਨੂੰ ਜਾਂਚ ਅਧਿਕਾਰੀ ਨੂੰ ਸਬੰਧਤ ਤਸਵੀਰਾਂ, ਵੀਡੀਓ ਅਤੇ ਲਿੰਕ ਮੁਹੱਈਆ ਕਰਵਾਉਣ ਲਈ ਕਿਹਾ ਹੈ, ਤਾਂ ਜੋ ਉਨ੍ਹਾਂ ਨੂੰ Meta ਨੂੰ ਭੇਜ ਕੇ ਹਟਾਉਣ ਦੀ ਕਾਰਵਾਈ ਕੀਤੀ ਜਾ ਸਕੇ। ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ਵਿੱਚ ਹੋਵੇਗੀ।
