CBSE ਦਾ ਦਫ਼ਤਰ ਲੁਧਿਆਣੇ ਹੋਵੇਗਾ ਤਬਦੀਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਮੁਹਾਲੀ ਦਫ਼ਤਰ ਨਾਲ ਫੋਨ ’ਤੇ ਸੰਪਰਕ ਕਰਨਾ ਔਖਾ ਹੋ ਗਿਆ ਹੈ। ਇਸ ਦਫ਼ਤਰ ਦੇ ਫੋਨ ਨੰਬਰ ਲਗਪਗ ਡੇਢ ਮਹੀਨੇ ਤੋਂ ਕੰਮ ਨਹੀਂ ਕਰ ਰਹੇ ਹਨ ਜਿਸ ਕਾਰਨ ਡਿਗਰੀਆਂ ਤੇ ਹੋਰ ਕੰਮਾਂ ਲਈ ਵਿਦਿਆਰਥੀ ਤੇ ਚੰਡੀਗੜ੍ਹ ਦੇ ਸਕੂਲਾਂ ਦੇ ਅਧਿਆਪਕ ਪ੍ਰੇਸ਼ਾਨ ਹੋ ਰਹੇ ਹਨ। ਸੀ ਬੀ ਐੱਸ ਈ ਨੇ ਆਪਣਾ ਸਾਮਾਨ ਲੁਧਿਆਣਾ ਤਬਦੀਲ ਕਰਨ ਨੂੰ ਸਮੱਸਿਆ ਦਾ ਕਾਰਨ ਦੱਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ, ਮੁਹਾਲੀ ਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਤੇ ਹੋਰ ਕੰਮਾਂ ਲਈ ਆਨਲਾਈਨ ਅਪਲਾਈ ਕੀਤਾ ਸੀ ਪਰ ਇਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਮਿਲੀਆਂ। ਇਨ੍ਹਾਂ ਵਿੱਚੋਂ ਕਈ ਜਣਿਆਂ ਨੇ ਸੀ ਬੀ ਐੱਸ ਈ ਦੇ ਮੁਹਾਲੀ ਦਫਤਰ ਦੇ ਫੋਨ ਨੰਬਰ ਮਿਲਾਏ ਪਰ ਸੰਪਰਕ ਨਾ ਹੋ ਸਕਿਆ। ਚੰਡੀਗੜ੍ਹ ਦੇ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੇ ਦੱਸਿਆ ਕਿ ਸੀ ਬੀ ਐੱਸ ਈ ਮੁਹਾਲੀ ਦੇ ਫੋਨ ਨੰਬਰ ਪਿਛਲੇ ਦੋ ਮਹੀਨਿਆਂ ਤੋਂ ਕੰਮ ਨਹੀਂ ਕਰ ਰਹੇ ਤੇ ਉਨ੍ਹਾਂ ਨੂੰ ਛੋਟੇ ਜਿਹੇ ਕੰਮ ਲਈ ਵੀ ਮੁਹਾਲੀ ਦੇ ਏਅਰਪੋਰਟ ਰੋਡ ਸਥਿਤ ਦਫਤਰ ਜਾਣਾ ਪੈਂਦਾ ਹੈ।
ਸੀ ਬੀ ਐੱਸ ਈ ਮੁਹਾਲੀ ਦੇ ਮੁਲਾਜ਼ਮ ਅੰਕਿਤ ਨੇ ਦੱਸਿਆ ਕਿ ਜੇ ਕਿਸੇ ਵਿਦਿਆਰਥੀ ਨੇ ਆਨਲਾਈਨ ਡਿਗਰੀ ਲਈ ਅਪਲਾਈ ਕੀਤਾ ਹੈ ਤੇ ਉਸ ਨੇ ਪੁਰਾਣੀ ਡਿਗਰੀ ਨਹੀਂ ਲਾਈ ਹੋਵੇਗੀ ਤਾਂ ਇਸ ਮਾਮਲੇ ਵਿਚ ਦੇਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਜਲਦੀ ਹੀ ਲੁਧਿਆਣਾ ਤਬਦੀਲ ਹੋ ਰਿਹਾ ਹੈ ਤੇ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਸਮੱਸਿਆ ਜਲਦੀ ਹੱਲ ਕਰਵਾਈ ਜਾਵੇਗੀ: ਸੀ ਬੀ ਐੱਸ ਈ
ਨਵੀਂ ਦਿੱਲੀ ਦੇ ਸੀ ਬੀ ਐੱਸ ਈ ਦੇ ਮੁੱਖ ਦਫ਼ਤਰ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਜੂਨੀਅਰ ਟਰਾਂਸਲੇਸ਼ਨ ਅਫਸਰ (ਜੇ ਟੀ ਓ) ਪਿਊਸ਼ ਨੇ ਕਿਹਾ ਕਿ ਮੁਹਾਲੀ ਦੇ ਫੋਨ ਨੰਬਰਾਂ ਦੀ ਸਮੱਸਿਆ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਈ ਜਾਵੇਗੀ।
ਮੁਹਾਲੀ ਨਾਲ ਜੁੜੇ ਸਕੂਲ ਪੰਚਕੂਲਾ ਨਾਲ ਜੋੜੇ ਜਾਣਗੇ
ਸੀ ਬੀ ਐੱਸ ਈ ਦਾ ਮੁਹਾਲੀ ਦੇ ਜੁਬਲੀ ਸਕੁਏਅਰ ਵਿਚ ਦਫ਼ਤਰ ਪੰਜ ਸਾਲ ਪਹਿਲਾਂ ਖੋਲ੍ਹਿਆ ਗਿਆ ਸੀ। ਇਸ ਨਾਲ ਪੰਜਾਬ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ ਤੇ ਲਦਾਖ ਦੇ ਸਕੂਲ ਜੋੜੇ ਗਏ ਸਨ ਪਰ ਹੁਣ ਸੀ ਬੀ ਐੱਸ ਈ ਦਾ ਮੁਹਾਲੀ ਦਾ ਦਫ਼ਤਰ ਲੁਧਿਆਣਾ ਤਬਦੀਲ ਹੋ ਰਿਹਾ ਹੈ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਪੰਚਕੂਲਾ ਦੇ ਸੀ ਬੀ ਐੱਸ ਈ ਦਫ਼ਤਰ ਨਾਲ ਜੋੜਿਆ ਜਾਵੇਗਾ। ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਦਾ ਕੰਮ ਪੰਚਕੂਲਾ ਦਫ਼ਤਰ ਕਰ ਰਿਹਾ ਹੈ।