ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ
Census in 4 states including Punjab: ਚੰਡੀਗੜ੍ਹ: Census 2027 ਤਹਿਤ ਪੰਜਾਬ, ਗੋਆ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਮਰਦਮਸ਼ੁਮਾਰੀ ਦਾ ਕੰਮ 1 ਦਸੰਬਰ 2026 ਤੋਂ ਸ਼ੁਰੂ ਕੀਤਾ ਜਾਵੇਗਾ। ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਮੁਤਾਬਕ ਇਨ੍ਹਾਂ ਸੂਬਿਆਂ ਵਿੱਚ ਇਹ ਪ੍ਰਕਿਰਿਆ 4 ਜਨਵਰੀ 2027 ਤੱਕ ਮੁਕੰਮਲ ਕਰ ਲਈ ਜਾਵੇਗੀ।
ਉਤਰਾਖੰਡ ਵਿੱਚ ਬਰਫ਼ਬਾਰੀ ਕਾਰਨ ਪ੍ਰਭਾਵਿਤ ਅਤੇ ਬਰਫ਼ ਨਾਲ ਢਕੇ ਇਲਾਕਿਆਂ ਨੂੰ ਇਸ ਪੜਾਅ ਤੋਂ ਬਾਹਰ ਰੱਖਿਆ ਗਿਆ ਹੈ। ਬਾਕੀ ਸੂਬੇ ਵਿੱਚ ਵੀ ਮਰਦਮਸ਼ੁਮਾਰੀ ਦਾ ਕੰਮ 1 ਦਸੰਬਰ ਤੋਂ 4 ਜਨਵਰੀ ਤੱਕ ਹੀ ਚੱਲੇਗਾ।
ਇਸ ਤਹਿਤ ਸਰਕਾਰੀ ਕਰਮਚਾਰੀ ਘਰ-ਘਰ ਜਾ ਕੇ ਪਰਿਵਾਰਾਂ ਅਤੇ ਆਬਾਦੀ ਨਾਲ ਸਬੰਧਤ ਵੇਰਵੇ ਇਕੱਠੇ ਕਰਨਗੇ। ਤਾਰੀਖਾਂ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਮਰਦਮਸ਼ੁਮਾਰੀ ਨੂੰ ਲੈ ਕੇ ਸਰਕਾਰੀ ਤਿਆਰੀਆਂ ਤੇਜ਼ ਹੋ ਗਈਆਂ ਹਨ।
ਚੋਣਾਂ ਦੇ ਮੱਦੇਨਜ਼ਰ ਪਹਿਲਾਂ ਹੋਵੇਗੀ ਗਿਣਤੀ
ਕੇਂਦਰ ਸਰਕਾਰ ਵੱਲੋਂ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਪਹਿਲਾਂ ਕਰਵਾਈ ਜਾ ਰਹੀ ਹੈ। ਇਨ੍ਹਾਂ ਚਾਰਾਂ ਸੂਬਿਆਂ ਵਿੱਚ ਆਬਾਦੀ ਦੀ ਗਿਣਤੀ ਦਾ ਕੰਮ ਦਸੰਬਰ 2026 ਤੋਂ ਜਨਵਰੀ 2027 ਤੱਕ ਪੂਰਾ ਕੀਤਾ ਜਾਵੇਗਾ।
ਇਸ ਦੇ ਉਲਟ, ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਰਦਮਸ਼ੁਮਾਰੀ ਦਾ ਦੂਜਾ ਪੜਾਅ ਫਰਵਰੀ 2027 ਵਿੱਚ ਰਜਿਸਟਰਾਰ ਜਨਰਲ ਆਫ਼ ਇੰਡੀਆ ਵੱਲੋਂ ਪਹਿਲਾਂ ਤੈਅ ਕੀਤੇ ਸਮਾਂ-ਸੂਚੀ ਅਨੁਸਾਰ ਕਰਵਾਇਆ ਜਾਵੇਗਾ।
