ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ
Punjab-Haryana High Court gets new Chief Justice: ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਹੁਣ ਹਾਈ ਕੋਰਟ ਦਾ ਸਥਾਈ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਹੈ। ਸੁਪਰੀਮ ਕੋਰਟ ਕੌਲਿਜਿਅਮ ਦੀ ਸਿਫ਼ਾਰਸ਼ ਤੋਂ ਕਰੀਬ ਇੱਕ ਮਹੀਨੇ ਬਾਅਦ ਇਹ ਨਿਯੁਕਤੀ ਕੀਤੀ ਗਈ ਹੈ। ਕੇਂਦਰ ਵੱਲੋਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਜਸਟਿਸ ਮਿਸ਼ਰਾ 2 ਜੂਨ 2026 ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਹੁਣ ਉਨ੍ਹਾਂ ਦੀ ਨਿਯੁਕਤੀ ਨਾਲ ਹਾਈ ਕੋਰਟ ਨੂੰ ਸਥਾਈ ਮੁੱਖ ਜੱਜ ਮਿਲ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੀਫ਼ ਜਸਟਿਸ ਦੀ ਨਿਯੁਕਤੀ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਵੱਲੋਂ ਹਾਲ ਹੀ ਵਿੱਚ ਪੰਜਾਬ ਸਰਕਾਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਬਕਾਏ ਦਾ ਭੁਗਤਾਨ ਕਰਨ ਤੱਕ ਗੈਰ-ਜ਼ਰੂਰੀ ਖਰਚਿਆਂ ਤੋਂ ਬਚਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।
8 ਹਾਈ ਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੀਆਂ ਕੁੱਲ 8 ਹਾਈ ਕੋਰਟਾਂ ਵਿੱਚ ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਹਾਈ ਕੋਰਟਾਂ ਨੂੰ ਵੀ ਮਿਲੇ ਨਵੇਂ ਮੁੱਖ ਜੱਜ….
ਤਾਜ਼ਾ ਨਿਯੁਕਤੀਆਂ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ, ਪਟਨਾ, ਕਲਕੱਤਾ, ਰਾਜਸਥਾਨ, ਬੰਬੇ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਹਾਈ ਕੋਰਟਾਂ ਨੂੰ ਵੀ ਨਵੇਂ ਚੀਫ਼ ਜਸਟਿਸ ਮਿਲੇ ਹਨ।
ਨਿਯੁਕਤ ਕੀਤੇ ਗਏ ਮੁੱਖ ਜੱਜਾਂ ਵਿੱਚ:
ਜਸਟਿਸ ਸੰਜੇ ਕੁਮਾਰ ਅਗਰਵਾਲ — ਰਾਜਸਥਾਨ ਹਾਈ ਕੋਰਟ
ਜਸਟਿਸ ਵੀ. ਕਮੇਸ਼ਵਰ ਰਾਓ — ਪਟਨਾ ਹਾਈ ਕੋਰਟ
ਜਸਟਿਸ ਰਵਿੰਦਰ ਵੀ. ਘੁਗੇ — ਕਲਕੱਤਾ ਹਾਈ ਕੋਰਟ
ਜਸਟਿਸ ਐੱਮ.ਸੀ. ਤ੍ਰਿਪਾਠੀ — ਬੰਬੇ ਹਾਈ ਕੋਰਟ
ਜਸਟਿਸ ਅਲਪੇਸ਼ ਯਸ਼ਵੰਤ ਕੋਗਜੇ — ਮੱਧ ਪ੍ਰਦੇਸ਼ ਹਾਈ ਕੋਰਟ
ਜਸਟਿਸ ਡਾ. ਪੁਸ਼ਪਿੰਦਰ ਸਿੰਘ ਭਾਟੀ — ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ
ਜਸਟਿਸ ਕ੍ਰਿਸ਼ਨਾ ਰਾਮ ਮੋਹਾਪਾਤਰਾ — ਛੱਤੀਸਗੜ੍ਹ ਹਾਈ ਕੋਰਟ
ਇਸ ਤਰ੍ਹਾਂ ਇੱਕੋ ਸਮੇਂ 8 ਹਾਈ ਕੋਰਟਾਂ ਵਿੱਚ ਮੁੱਖ ਜੱਜਾਂ ਦੀ ਨਿਯੁਕਤੀ ਨਾਲ ਨਿਆਂਪਾਲਿਕਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ।
