ਅੱਜ ਤੋਂ ਮਣੀਪੁਰ ‘ਚ ਸ਼ੁਰੂ ਹੋਣ ਵਾਲੀ ਜਨਗਣਨਾ ਮੁਲਤਵੀ, ਕੇਂਦਰ ਨੇ ਲਿਆ ਫ਼ੈਸਲਾ
Census postponed in Manipur: ਇੰਫਾਲ: ਮਣੀਪੁਰ ਵਿੱਚ ਅੱਜ 1 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਜਨਗਣਨਾ ਨੂੰ ਕੇਂਦਰ ਸਰਕਾਰ ਨੇ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਸੂਬੇ ਵਿੱਚ ਸਿਵਲ ਸੁਸਾਇਟੀ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਨਗਣਨਾ ਤੋਂ ਪਹਿਲਾਂ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (NRC) ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫ਼ੈਸਲਾ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਮਣੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ, ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਅਤੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਵੀ ਮੌਜੂਦ ਸਨ। ਸਰਕਾਰ ਮੁਤਾਬਕ ਜਨਗਣਨਾ ਮੁਲਤਵੀ ਕਰਨ ਦਾ ਫ਼ੈਸਲਾ ਮਣੀਪੁਰ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
NRC ਤੋਂ ਬਿਨਾਂ ਜਨਗਣਨਾ ਨੂੰ ਲੈ ਕੇ ਸੀ ਚਿੰਤਾ
ਮੈਤੇਈ ਅਤੇ ਨਾਗਾ ਭਾਈਚਾਰਿਆਂ ਦੇ ਕੁਝ ਸੰਗਠਨਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਸੀ ਕਿ NRC ਤੋਂ ਬਿਨਾਂ ਜਨਗਣਨਾ ਹੋਣ ਨਾਲ ਸੂਬੇ ਦੀ ਆਬਾਦੀ ਦੇ ਅੰਕੜਿਆਂ ਅਤੇ ਜਨਸੰਖਿਆ ਦੇ ਢਾਂਚੇ ’ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਜਥੇਬੰਦੀਆਂ ਵੱਲੋਂ ਮਿਆਂਮਾਰ ਤੋਂ ਕਥਿਤ ਗੈਰ-ਕਾਨੂੰਨੀ ਪਰਵਾਸ ਦਾ ਮੁੱਦਾ ਵੀ ਲਗਾਤਾਰ ਚੁੱਕਿਆ ਜਾਂਦਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਦਾਅਵਿਆਂ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਜੋੜੇ ਜਾਂਦੇ ਦੋਸ਼ਾਂ ਨੂੰ ਲੈ ਕੇ ਸਥਿਤੀ ਵਿਵਾਦਤ ਰਹੀ ਹੈ। ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਦਿੱਲੀ ਵਿੱਚ ਇਸ ਮੁੱਦੇ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀਆਂ 14 ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।
ਸਾਬਕਾ CM ਬੀਰੇਨ ਸਿੰਘ ਨੇ ਦੱਸਿਆ ਵੱਡੀ ਜਿੱਤ
ਸਾਬਕਾ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਵੀ ਜਨਗਣਨਾ ਮੁਲਤਵੀ ਹੋਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਮੂਲ ਨਿਵਾਸੀਆਂ ਦੀ ਆਵਾਜ਼ ਨੂੰ ਮਾਨਤਾ ਮਿਲਣ ਵਜੋਂ ਦੱਸਿਆ। ਇਹ ਮਾਮਲਾ ਮਣੀਪੁਰ ਹਾਈ ਕੋਰਟ ਵਿੱਚ ਵੀ ਪਹੁੰਚਿਆ ਸੀ। ਕਾਂਗਲੀਪਾਕ ਸਟੂਡੈਂਟਸ ਐਸੋਸੀਏਸ਼ਨ ਅਤੇ 14 ਜਥੇਬੰਦੀਆਂ ਦੇ ਕਨਵੀਨਰ ਸ਼ਾਂਤਾ ਨਾਹਕਪਮ ਵੱਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਜਨਗਣਨਾ ਮੁਲਤਵੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਹੁਣ ਚੀਫ ਜਸਟਿਸ ਐੱਮ. ਸੁੰਦਰ ਅਤੇ ਜਸਟਿਸ ਏ. ਗੁਣੇਸ਼ਵਰ ਸ਼ਰਮਾ ਦੀ ਡਿਵੀਜ਼ਨ ਬੈਂਚ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਕੀਤੀ ਜਾਵੇਗੀ।
2023 ਤੋਂ ਜਾਰੀ ਹੈ ਮੈਤੇਈ-ਕੁੱਕੀ ਟਕਰਾਅ
ਜ਼ਿਕਰਯੋਗ ਹੈ ਕਿ ਮਈ 2023 ਤੋਂ ਮਣੀਪੁਰ ਵਿੱਚ ਮੈਤੇਈ ਅਤੇ ਕੁੱਕੀ ਭਾਈਚਾਰਿਆਂ ਵਿਚਾਲੇ ਜਾਤੀ ਆਧਾਰਿਤ ਹਿੰਸਾ ਦਾ ਦੌਰ ਜਾਰੀ ਹੈ। ਇਸ ਹਿੰਸਾ ਵਿੱਚ ਹੁਣ ਤੱਕ 260 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਵੱਡੀ ਗਿਣਤੀ ਵਿੱਚ ਲੋਕ ਬੇਘਰ ਵੀ ਹੋਏ ਹਨ। ਜਨਗਣਨਾ ਮੁਲਤਵੀ ਹੋਣ ਤੋਂ ਬਾਅਦ ਹੁਣ ਇਸ ਗੱਲ ’ਤੇ ਨਜ਼ਰ ਰਹੇਗੀ ਕਿ ਮਣੀਪੁਰ ਵਿੱਚ ਇਹ ਪ੍ਰਕਿਰਿਆ ਕਦੋਂ ਮੁੜ ਸ਼ੁਰੂ ਕੀਤੀ ਜਾਂਦੀ ਹੈ ਅਤੇ NRC ਦੀ ਮੰਗ ’ਤੇ ਕੇਂਦਰ ਸਰਕਾਰ ਅੱਗੇ ਕੀ ਰੁਖ ਅਪਣਾਉਂਦੀ ਹੈ।
