ਟ੍ਰੇਨ ‘ਚ ਮੁਫ਼ਤ ਸਫ਼ਰ ਕਰਨ ਵਾਲਿਆਂ ਤੋਂ ਕਰੋੜਾਂ ਰੁਪਏ ਵਸੂਲਿਆ ਜੁਰਮਾਨਾ, ਚੈਕਿੰਗ ਦੌਰਾਨ ਕਰੀਬ 31 ਹਜ਼ਾਰ ਯਾਤਰੀ ਫੜੇ
Firozpur Railway Action; ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿੱਚ ਅਕਤੂਬਰ ਮਹੀਨੇ ਦੌਰਾਨ ਟਿਕਟ ਜਾਂਚ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਟਿਕਟ ‘ਤੇ ਸਫ਼ਰ ਕਰਨ ਵਾਲੇ 30,466 ਯਾਤਰੀਆਂ ਨੂੰ ਫੜਿਆ ਗਿਆ। ਇਨ੍ਹਾਂ ਤੋਂ 2.50 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।
ਰੇਲਵੇ ਦੇ ਟਿਕਟ ਚੈਕਿੰਗ ਸਟਾਫ਼ ਨੇ ਵੱਖ-ਵੱਖ ਟਰੇਨਾਂ ਵਿੱਚ ਜਾਂਚ ਦੌਰਾਨ ਇਨ੍ਹਾਂ ਯਾਤਰੀਆਂ ਨੂੰ ਫੜਿਆ। ਰੇਲਵੇ ਵੱਲੋਂ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ‘ਤੇ ਰੋਕ ਲਗਾਉਣ ਲਈ ਲਗਾਤਾਰ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ ‘ਤੇ ਗੰਦਗੀ ਫੈਲਾਉਣ ਵਾਲੇ 169 ਯਾਤਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਇਨ੍ਹਾਂ ‘ਤੇ Anti Littering Act ਤਹਿਤ 65 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਰੇਲਵੇ ਵੱਲੋਂ ਯਾਤਰੀਆਂ ਨੂੰ ਸਟੇਸ਼ਨ ਅਤੇ ਟਰੇਨਾਂ ਵਿੱਚ ਸਫ਼ਾਈ ਬਣਾਈ ਰੱਖਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਟਿਕਟ ਜਾਂਚ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਦਾ ਮਕਸਦ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰੇਲ ਸਫ਼ਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨਿਯਮਾਂ ਦੀ ਪਾਲਣਾ ਕਰਨ ਵਾਲੇ ਯਾਤਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਧ ਟਿਕਟ ਲੈ ਕੇ ਹੀ ਸਫ਼ਰ ਕਰਨ ਅਤੇ ਰੇਲਵੇ ਕੰਪਲੈਕਸ ਵਿੱਚ ਸਫ਼ਾਈ ਬਣਾਈ ਰੱਖਣ ਵਿੱਚ ਸਹਿਯੋਗ ਦੇਣ।