ਐਲਨ ਮਸਕ ਦਾ ਵੱਡਾ ਐਲਾਨ: ਅਮਰੀਕਾ ਦੇ ਹਰ ਬੱਚੇ ਨੂੰ ਦੇਣਗੇ ਸਪੇਸਐਕਸ ਦਾ ਇਕ ਸ਼ੇਅਰ !
Elon Musk’s big announcement: ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚ ਸ਼ਾਮਲ ਐਲਨ ਮਸਕ ਆਪਣੇ ਇਕ ਐਲਾਨ ਨੂੰ ਲੈ ਕੇ ਚਰਚਾ ਵਿੱਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਅਗਲੇ ਸਾਲ ਅਮਰੀਕਾ ਦੇ ਹਰ ਬੱਚੇ ਨੂੰ ਆਪਣੀ ਕੰਪਨੀ ਸਪੇਸਐਕਸ ਦਾ ਇਕ ਸ਼ੇਅਰ ਦੇਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਲੱਖਾਂ ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ।
ਮਸਕ ਦੇ ਇਸ ਐਲਾਨ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ, ਕਿਉਂਕਿ ਸਪੇਸਐਕਸ ਰਾਕੇਟ ਨਿਰਮਾਣ, ਪੁਲਾੜ ਮਿਸ਼ਨਾਂ ਅਤੇ ਸੈਟੇਲਾਈਟ ਰਾਹੀਂ ਇੰਟਰਨੈੱਟ ਸੇਵਾਵਾਂ ਦੇ ਨਾਲ-ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਵੀ ਕੰਮ ਕਰ ਰਹੀ ਹੈ।
ਮਸਕ ਨੇ ਕੀ ਐਲਾਨ ਕੀਤਾ ?
ਟੈਸਲਾ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਉਹ ਅਗਲੇ ਸਾਲ ਅਮਰੀਕਾ ਵਿੱਚ ਰਹਿਣ ਵਾਲੇ ਹਰ ਬੱਚੇ ਨੂੰ ਸਪੇਸਐਕਸ ਦਾ ਇਕ ਸ਼ੇਅਰ ਦੇਣਗੇ। ਉਨ੍ਹਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਇਹ ਸਿਰਫ਼ ਸ਼ੁਰੂਆਤ ਹੋ ਸਕਦੀ ਹੈ ਅਤੇ ਭਵਿੱਖ ਵਿੱਚ ਹੋਰ ਸ਼ੇਅਰ ਵੀ ਦਿੱਤੇ ਜਾ ਸਕਦੇ ਹਨ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਸ਼ੇਅਰਾਂ ਦੀ ਵੰਡ ਕਿਵੇਂ ਹੋਵੇਗੀ, ਕਿਹੜੇ ਬੱਚੇ ਇਸ ਦੇ ਯੋਗ ਹੋਣਗੇ ਅਤੇ ਯੋਜਨਾ ਕਦੋਂ ਸ਼ੁਰੂ ਕੀਤੀ ਜਾਵੇਗੀ।
ਸਪੇਸਐਕਸ ਵਿੱਚ ਮਸਕ ਦੀ ਕਿੰਨੀ ਹਿੱਸੇਦਾਰੀ ?
ਸਪੇਸਐਕਸ ਦੀ ਸਥਾਪਨਾ ਸਾਲ 2002 ਵਿੱਚ ਹੋਈ ਸੀ। ਇਹ ਕੰਪਨੀ ਰਾਕੇਟ ਬਣਾਉਣ, ਪੁਲਾੜ ਵਿੱਚ ਮਿਸ਼ਨ ਭੇਜਣ ਅਤੇ ਸਟਾਰਲਿੰਕ ਰਾਹੀਂ ਸੈਟੇਲਾਈਟ ਇੰਟਰਨੈੱਟ ਸੇਵਾ ਦੇਣ ਲਈ ਜਾਣੀ ਜਾਂਦੀ ਹੈ। ਐਲਨ ਮਸਕ ਦੀ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਹੈ ਅਤੇ ਉਹ ਇਸ ਦੇ ਅਹਿਮ ਫ਼ੈਸਲਿਆਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਅਮਰੀਕਾ ਦੇ 7.2 ਕਰੋੜ ਬੱਚਿਆਂ ਨੂੰ ਮਿਲ ਸਕਦਾ ਹੈ ਲਾਭ
ਅਮਰੀਕਾ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲਗਭਗ 7.2 ਕਰੋੜ ਬੱਚੇ ਹਨ। ਜੇਕਰ ਮਸਕ ਦੀ ਯੋਜਨਾ ਲਾਗੂ ਹੁੰਦੀ ਹੈ ਤਾਂ ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਸਪੇਸਐਕਸ ਦੇ ਸ਼ੇਅਰ ਮਿਲ ਸਕਦੇ ਹਨ। ਹਾਲਾਂਕਿ, ਸਾਰੇ ਬੱਚਿਆਂ ਨੂੰ ਸ਼ਾਮਲ ਕਰਨ ਲਈ ਯੋਗਤਾ ਦੇ ਨਿਯਮ ਅਤੇ ਹੋਰ ਸ਼ਰਤਾਂ ਅਜੇ ਸਾਹਮਣੇ ਨਹੀਂ ਆਈਆਂ ਹਨ।
ਐਂਥਰੋਪਿਕ ਦੇ ਐਲਾਨ ਤੋਂ ਬਾਅਦ ਆਇਆ ਬਿਆਨ
ਮਸਕ ਦਾ ਇਹ ਬਿਆਨ AI ਕੰਪਨੀ ਐਂਥਰੋਪਿਕ ਵੱਲੋਂ ਆਪਣੇ ਸ਼ੇਅਰਾਂ ਦੇ ਇਕ ਹਿੱਸੇ ਨੂੰ ਜਨਹਿੱਤ ਦੇ ਕੰਮਾਂ ਲਈ ਵਰਤਣ ਸਬੰਧੀ ਐਲਾਨ ਤੋਂ ਬਾਅਦ ਆਇਆ ਹੈ। ਐਂਥਰੋਪਿਕ ਨੇ ਇਸ ਮਕਸਦ ਲਈ ਇਕ ਜਨਹਿੱਤ ਫੰਡ ਬਣਾਉਣ ਦੀ ਜਾਣਕਾਰੀ ਦਿੱਤੀ ਸੀ।
ਇਸ ਤੋਂ ਬਾਅਦ ਮਸਕ ਨੇ ਕਿਹਾ ਕਿ ਸ਼ੇਅਰ ਕਿਸੇ ਹੋਰ ਸੰਸਥਾ ਨੂੰ ਦੇਣ ਦੀ ਬਜਾਏ ਸਿੱਧੇ ਲੋਕਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਬੱਚਿਆਂ ਨੂੰ ਸਪੇਸਐਕਸ ਦੇ ਸ਼ੇਅਰ ਦੇਣ ਦੀ ਯੋਜਨਾ ਦਾ ਜ਼ਿਕਰ ਕੀਤਾ। ਫਿਲਹਾਲ ਇਹ ਐਲਾਨ ਇਕ ਯੋਜਨਾ ਦੇ ਰੂਪ ਵਿੱਚ ਹੈ ਅਤੇ ਇਸ ਨੂੰ ਲਾਗੂ ਕਰਨ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ।