ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲੇ ’ਚ ਮੁਲਜ਼ਮਾਂ ਬਾਰੇ ਹੋਏ ਵੱਡੇ ਖੁਲਾਸੇ
‘Tiger Sharaf’ firing case: ਮੁੰਬਈ: ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ’ਤੇ ਪੰਜ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ 15 ਘੰਟਿਆਂ ਦੇ ਅੰਦਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਨੂੰ ਸੋਮਵਾਰ ਨੂੰ ਰਾਜਸਥਾਨ ਦੇ ਕੋਟਾ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ। ਕੋਟਾ ਦੀ ਐੱਸਪੀ ਤੇਜਸਵਨੀ ਗੌਤਮ ਮੁਤਾਬਕ, ਮੁਲਜ਼ਮਾਂ ਦੀ ਉਮਰ 18 ਤੋਂ 22 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿੱਚੋਂ ਦੋ ਹਰਿਆਣਾ ਦੇ ਸੋਨੀਪਤ ਅਤੇ ਇਕ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਹੈ।
ਪੁਲਿਸ ਮੁਤਾਬਕ, ਐਤਵਾਰ ਸ਼ਾਮ ਕਰੀਬ 7 ਵਜੇ ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਮੁੰਬਈ ਦੇ ਅੰਧੇਰੀ ਵੈਸਟ ਸਟੇਸ਼ਨ ਪਹੁੰਚੇ। ਉੱਥੋਂ ਲੋਕਲ ਟ੍ਰੇਨ ਰਾਹੀਂ ਕੁਝ ਸਟੇਸ਼ਨ ਅੱਗੇ ਉਤਰੇ ਅਤੇ ਆਨਲਾਈਨ ਟੈਕਸੀ ਲੈ ਕੇ ਸੂਰਤ ਪਹੁੰਚ ਗਏ। ਉੱਥੋਂ ਉਹ ਪੁਣੇ-ਜੈਪੁਰ ਐਕਸਪ੍ਰੈੱਸ ਦੇ ਜਨਰਲ ਡੱਬੇ ਵਿੱਚ ਸਵਾਰ ਹੋ ਗਏ ਅਤੇ ਵੱਖ-ਵੱਖ ਸੀਟਾਂ ’ਤੇ ਬੈਠ ਗਏ।
ਮੁੰਬਈ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਦਿਆਂ ਉਨ੍ਹਾਂ ਦੇ ਟ੍ਰੇਨ ਵਿੱਚ ਸਵਾਰ ਹੋਣ ਦੀ ਪਛਾਣ ਕੀਤੀ। ਸੋਮਵਾਰ ਸਵੇਰੇ 9:40 ਵਜੇ ਕੋਟਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ 36 ਜਵਾਨਾਂ ਦੀਆਂ ਛੇ ਟੀਮਾਂ ਸਟੇਸ਼ਨ ’ਤੇ ਤਾਇਨਾਤ ਕੀਤੀਆਂ ਗਈਆਂ। ਟ੍ਰੇਨ ਸਵੇਰੇ 10:17 ਵਜੇ ਪਹੁੰਚੀ ਤਾਂ ਇਕ ਮੁਲਜ਼ਮ ਨੂੰ ਹੇਠਾਂ ਉਤਰਦਿਆਂ ਕਾਬੂ ਕਰ ਲਿਆ ਗਿਆ, ਜਦਕਿ ਦੋ ਹੋਰਾਂ ਨੂੰ ਡੱਬੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਅਨੁਸਾਰ, ਮੁਲਜ਼ਮ ਜੈਪੁਰ ਤੋਂ ਬੱਸ ਰਾਹੀਂ ਦਿੱਲੀ ਅਤੇ ਫਿਰ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ। ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਹ ਟਾਈਗਰ ਸ਼ਰਾਫ ਦੀ ਹੱਤਿਆ ਦੇ ਇਰਾਦੇ ਨਾਲ ਆਏ ਸਨ।
34 ਹਜ਼ਾਰ ਰੁਪਏ ’ਚ ਹੱਤਿਆ ਦੀ ਸੁਪਾਰੀ ਦੇਣ ਦਾ ਦਾਅਵਾ
ਪੁਲਿਸ ਸੂਤਰਾਂ ਅਨੁਸਾਰ, ਇਸ ਸਾਜ਼ਿਸ਼ ਦੇ ਤਾਰ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਜੋੜ ਕੇ ਜਾਂਚੇ ਜਾ ਰਹੇ ਹਨ। ਦਾਅਵਾ ਹੈ ਕਿ ਗੈਂਗ ਦਾ ਕਥਿਤ ਮੈਂਬਰ ਅਨਿਲ ਪੰਡਿਤ ਅਮਰੀਕਾ ਦੇ ਕੈਲੀਫੋਰਨੀਆ ਤੋਂ ਗੈਂਗ ਦੀਆਂ ਗਤੀਵਿਧੀਆਂ ਚਲਾ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ, ਅਨਿਲ ਪੰਡਿਤ ਨੇ ਮੁੱਖ ਮੁਲਜ਼ਮ ਰਿਹਾਨ ਨਾਲ ਟਾਈਗਰ ਸ਼ਰਾਫ ਦੀ ਹੱਤਿਆ ਲਈ 34 ਹਜ਼ਾਰ ਰੁਪਏ ਵਿੱਚ ਸੌਦਾ ਕੀਤਾ ਸੀ। ਉਸ ਨੂੰ ਵਿਦੇਸ਼ ਵਿੱਚ ਵਸਾਉਣ ਦਾ ਲਾਲਚ ਵੀ ਦਿੱਤਾ ਗਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਪਿਛਲੇ ਇਕ ਮਹੀਨੇ ਤੋਂ ਮੁੰਬਈ ਵਿੱਚ ਰਹਿ ਰਹੇ ਸਨ। ਕਥਿਤ ਤੌਰ ’ਤੇ ਵਾਰਦਾਤ ਵਾਲੀ ਥਾਂ ਪੁਸ਼ਪਾ ਪਾਰਕ ਦੀ ਰੇਕੀ, ਹੋਟਲ ਵਿੱਚ ਰਹਿਣ, ਖਾਣ-ਪੀਣ ਅਤੇ ਫਰਾਰ ਹੋਣ ਲਈ ਟੈਕਸੀ ਦੇ ਖਰਚੇ ਆਨਲਾਈਨ ਅਮਰੀਕਾ ਤੋਂ ਅਦਾ ਕੀਤੇ ਜਾ ਰਹੇ ਸਨ। ਪੁਲਿਸ ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਗੋਲੀਬਾਰੀ ਸਮੇਂ ਅਨਿਲ ਪੰਡਿਤ ਮੋਬਾਈਲ ਫੋਨ ਰਾਹੀਂ ਰਿਹਾਨ ਨਾਲ ਲਾਈਵ ਸੰਪਰਕ ਵਿੱਚ ਸੀ।
ਤਿੰਨਾਂ ਮੁਲਜ਼ਮਾਂ ਦੀ ਕੀ ਸੀ ਭੂਮਿਕਾ ?
ਰਿਹਾਨ ਉਰਫ਼ ਸੁੱਖਾ: ਸੋਨੀਪਤ ਦਾ ਰਹਿਣ ਵਾਲਾ ਰਿਹਾਨ ਮੁੰਬਈ ਵਿੱਚ ਮਜ਼ਦੂਰੀ ਕਰਦਾ ਸੀ। ਉਸ ਖ਼ਿਲਾਫ਼ ਪਹਿਲਾਂ ਚੋਰੀ ਅਤੇ ਅਸਲਾ ਐਕਟ ਤਹਿਤ ਮਾਮਲੇ ਦਰਜ ਹੋਣ ਦੀ ਗੱਲ ਕਹੀ ਗਈ ਹੈ। ਪੁਲਿਸ ਮੁਤਾਬਕ, ਉਸ ਨੇ ਸਭ ਤੋਂ ਵੱਧ ਗੋਲੀਆਂ ਚਲਾਈਆਂ।
ਰਿਤਿਕ ਕੁਮਾਰੀ: ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਰਿਤਿਕ ਅੰਧੇਰੀ ਵੈਸਟ ਵਿੱਚ ਰਹਿ ਕੇ ਰੈਪਿਡੋ ਟੈਕਸੀ ਚਲਾਉਂਦਾ ਸੀ। ਪੁਲਿਸ ਅਨੁਸਾਰ, ਉਹ ਪਿਛਲੇ ਇਕ ਮਹੀਨੇ ਤੋਂ ਇਲਾਕੇ ਦੀ ਰੇਕੀ ਕਰ ਰਿਹਾ ਸੀ ਅਤੇ ਹਮਲੇ ਸਮੇਂ ਮੋਟਰਸਾਈਕਲ ’ਤੇ ਸਵਾਰ ਸੀ।
ਫੂਲ ਸਿੰਘ: ਸੋਨੀਪਤ ਦੇ ਰਹਿਣ ਵਾਲੇ ਫੂਲ ਸਿੰਘ ਨੇ ਕਥਿਤ ਤੌਰ ’ਤੇ ਟਾਈਗਰ ਦੀ ਕਾਰ ਦੇ ਸ਼ੀਸ਼ੇ ਦੇ ਬਿਲਕੁਲ ਨੇੜੇ ਜਾ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਪਿਸਤੌਲ ਜਾਮ ਹੋਣ ਕਾਰਨ ਗੋਲੀ ਨਹੀਂ ਚੱਲ ਸਕੀ।
ਟ੍ਰੇਨ ਵਿੱਚ ਵਾਲ ਕੱਟੇ, ਕੱਪੜੇ ਵੀ ਬਦਲੇ
ਪੁਲਿਸ ਮੁਤਾਬਕ, ਪਛਾਣ ਲੁਕਾਉਣ ਲਈ ਮੁਲਜ਼ਮਾਂ ਨੇ ਟ੍ਰੇਨ ਵਿੱਚ ਹੀ ਆਪਣੇ ਵਾਲ ਛੋਟੇ ਕੀਤੇ ਅਤੇ ਕੱਪੜੇ ਬਦਲ ਲਏ ਸਨ। ਉਨ੍ਹਾਂ ਕੋਲੋਂ ਹਾਲੇ ਤੱਕ ਕੋਈ ਹਥਿਆਰ ਬਰਾਮਦ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਤਿੰਨਾਂ ਨੂੰ 48 ਘੰਟਿਆਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।