ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ, 2 ਮੁਲਜ਼ਮ ਕਾਬੂ, 1 ਦੀ ਭਾਲ ਜਾਰੀ
Gurdaspur Police Encounter; ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਬੁੱਧਵਾਰ ਨੂੰ ਪੁਲਿਸ ਅਤੇ ਤਿੰਨ ਸ਼ੱਕੀ ਨੌਜਵਾਨਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਟੀਮ ‘ਤੇ ਮੁਲਜ਼ਮਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ।
ਡੀਐੱਸਪੀ ਜोगਾ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਤੁਰੰਤ ਦਾਣਾ ਮੰਡੀ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਸਥਾਨਕ ਨੌਜਵਾਨਾਂ ਦੀ ਮਦਦ ਨਾਲ ਦੋ ਮੁਲਜ਼ਮਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ, ਜਦਕਿ ਤੀਜਾ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਫਾਇਰਿੰਗ ਦੌਰਾਨ ਕਿਸੇ ਪੁਲਿਸ ਮੁਲਾਜ਼ਮ ਜਾਂ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਕੀਤਾ ਪਿੱਛਾ
ਡੀਐੱਸਪੀ ਜੋਗਾ ਸਿੰਘ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਅਸ਼ੋਕ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਮੂੰਹ ਬੰਨ੍ਹ ਕੇ ਮੋਟਰਸਾਈਕਲ ‘ਤੇ ਇਲਾਕੇ ਵਿੱਚ ਘੁੰਮ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੁਲਿਸ ਦੀ ਗੱਡੀ ਦੇਖ ਕੇ ਤਿੰਨੇ ਦਾਣਾ ਮੰਡੀ ਵੱਲ ਭੱਜ ਗਏ ਅਤੇ ਉੱਥੇ ਪਹੁੰਚ ਕੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ।
ਪੁਲਿਸ ਅਤੇ ਸਥਾਨਕ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਤੀਜਾ ਮੁਲਜ਼ਮ ਮੰਡੀ ਅੰਦਰ ਝਾੜੀਆਂ ਅਤੇ ਦਰੱਖਤਾਂ ਦੀ ਆੜ ਲੈ ਕੇ ਲੁਕ ਗਿਆ। ਉਸ ਦੀ ਭਾਲ ਲਈ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਬੀਤੀ ਰਾਤ ਦੀ ਘਟਨਾ ਨਾਲ ਸਬੰਧ ਹੋਣ ਦਾ ਸ਼ੱਕ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮ ਬੀਤੀ ਰਾਤ ਇਲਾਕੇ ਵਿੱਚ ਵਾਪਰੀ ਕਿਸੇ ਅਪਰਾਧਿਕ ਘਟਨਾ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਇਸ ਸਬੰਧੀ ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ।