ਮਸ਼ਹੂਰ ਪੰਜਾਬੀ ਗਾਇਕ ਦੇ ਪੁੱਤ ਦਾ ਭਰੀ ਜਵਾਨੀ ਵਿੱਚ ਹੋਇਆ ਦਿਹਾਂਤ, ਪਰਿਵਾਰ ਵਿੱਚ ਸੋਗ ਦੀ ਲਹਿਰ
ਪੰਜਾਬੀ ਗਾਇਕੀ ਜਗਤ ‘ਚ ਅਜ਼ੀਮ ਅਤੇ ਸਾਫ ਸੁਥਰੇ ਗੀਤਾਂ ਨੂੰ ਗਾਉਣ ਲਈ ਜਾਣੇ ਜਾਂਦੇ ਗਾਇਕ ਪਾਲੀ ਦੇਤਵਾਲੀਆ ਨੂੰ ਬੀਤੀ ਸ਼ਾਮ ਗਹਿਰਾ ਸਦਮਾ ਪਹੁੰਚ ਗਿਆ। ਉਨ੍ਹਾਂ ਦੇ ਪੁੱਤ ਮਨਜੋਤ ਸਿੰਘ ਦੇਤਵਾਲੀਆ ਦਾ 35 ਸਾਲਾਂ ਦੀ ਉਮਰ ਵਿੱਚ ਅਚਾਨਕ ਦਿਹਾਂਤ ਹੋ ਗਿਆ। ਸੰਗੀਤ ਦੀ ਦੁਨੀਆ ਵਿੱਚ ਸੋਗ ਪੈਦਾ ਕਰ ਦੇਣ ਵਾਲੀ ਇਸ ਖ਼ਬਰ ਨੇ ਸੰਗੀਤਕ ਸ਼ਖਸੀਅਤਾਂ ਦੇ ਨਾਲ-ਨਾਲ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨਾਂ ਨੂੰ ਵੀ ਡੂੰਘੀ ਪੀੜ ਵਿੱਚ ਪਾ ਦਿੱਤਾ ਹੈ।
ਇਸੇ ਸਬੰਧੀ ਪਰਿਵਾਰਿਕ ਹਵਾਲਿਆਂ ਅਤੇ ਕਰੀਬੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਦੇਤਵਾਲੀਆ ਦਾ ਅੱਜ ਦੁਪਿਹਰ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਦੇਤਵਾਲੀਆ ਵਿਖੇ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਪੰਜਾਬੀ ਗਾਇਕੀ, ਗੀਤਕਾਰੀ, ਕਲਾ, ਸਮਾਜਿਕ ਅਤੇ ਸਿਨੇਮਾਂ ਨਾਲ ਜੁੜੀਆਂ ਕਈ ਹਸਤੀਆਂ ਵਿਦਾਇਗੀ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਣਗੀਆਂ।
ਇਸ ਖਬਰ ਕਾਰਨ ਸੰਗੀਤਕ ਅਤੇ ਸਿਨੇਮਾਂ ਸ਼ਖਸੀਅਤਾਂ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ, ਜਿਸ ਸਬੰਧੀ ਗਾਇਕ ਨਿਰਮਲ ਸਿੱਧੂ, ਫਿਰੋਜ ਖਾਨ, ਗੁਰਕ੍ਰਿਪਾਲ ਸੂਰਾਪੁਰੀ, ਨਵਰਾਜ ਹੰਸ, ਯੁਵਰਾਜ ਹੰਸ, ਗੀਤਾ ਜ਼ੈਲਦਾਰ, ਪੰਮੀ ਬਾਈ, ਪਰਮ ਪਰਮਿੰਦਰ, ਗਾਇਕਾ ਬੀਬਾ ਰਣਜੀਤ ਕੌਰ, ਅਦਾਕਾਰ ਅਤੇ ਨਿਰਦੇਸ਼ਕ ਰਤਨ ਔਲਖ, ਨਗਿੰਦਰ ਗੱਖੜ, ਲਖਵਿੰਦਰ ਲੱਖਾ, ਅਦਾਕਾਰਾ ਪਿੰਕੀ ਸੱਗੂ, ਲਾਈਨ ਨਿਰਮਾਤਾ ਦਰਸ਼ਨ ਔਲਖ, ਗੀਤਕਾਰ ਦਲਜੀਤ ਸਿੰਘ ਅਰੋੜਾ, ਰਿੰਪੀ ਕਿੰਨੜਾ, ਨਿਰਦੇਸ਼ਕ ਮਨਜੋਤ ਸਿੰਘ, ਸਿਮਰਨਜੀਤ ਸਿੰਘ ਹੁੰਦਲ, ਸੁਖਮਿੰਦਰ ਧੰਜਲ, ਸੂਫੀ ਗਾਇਕ ਰਜਿੰਦਰ ਮਲਹਾਰ, ਗੀਤਕਾਰ ਗਾਇਕ ਜਸਵੰਤ ਸੰਦੀਲਾ, ਰਾਕੇਸ਼ ਕੁਮਾਰ ਮੱਖੀ, ਗੀਤਕਾਰ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ, ਗਾਇਕ ਪ੍ਰਗਟ ਖਾਨ, ਗਾਇਕ ਜਗਦੇਵ ਖਾਨ, ਗਾਇਕ ਸੁੱਖ ਚਮਕੀਲਾ, ਗਾਇਕ ਰਣਜੀਤ ਮਣੀ, ਸੁਲੱਖਣ ਸਿੰਘ ਮਹਿਮੀ, ਸ਼ਾਇਰ ਜੋਰਾਵਰ ਸਿੰਘ ਪੰਛੀ, ਪ੍ਰਭ ਕਿਰਨ ਸਿੰਘ ਪ੍ਰਧਾਨ ਸ੍ਰੋਮਣੀ ਲਿਖਾਰੀ ਬੋਰਡ ਪੰਜਾਬ, ਕਰਨੈਲ ਸਿਵੀਆ, ਅਨਿੱਲ ਫਤਿਹਗੜ੍ਹ ਜੱਟਾਂ, ਬਲਤੇਜ ਸਰਾਂ ਅਤੇ ਅਮਨ ਫੁੱਲਾਂਵਾਲ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਰੱਬ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਗੱਲ ਕੀਤੀ।