ਦਿੱਲੀ ‘ਚ ਜੁੱਤੀਆਂ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਭਿਆਨਕ ਅੱਗ, 4 ਮੌਤਾਂ
ਦਿੱਲੀ: ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸ਼ੁੱਕਰਵਾਰ ਰਾਤ ਕਰੀਬ 9:30 ਵਜੇ ਜੁੱਤੀਆਂ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਟੀਮ ਨੇ ਛੇ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਫੈਕਟਰੀ ਵਿੱਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਪੰਜ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਬੇਸਮੈਂਟ ਤੋਂ ਸ਼ੁਰੂ ਹੋਈ ਅੱਗ
ਦਿੱਲੀ ਫਾਇਰ ਸਰਵਿਸ ਦੇ ਸਹਾਇਕ ਮੰਡਲ ਅਧਿਕਾਰੀ (ADO) ਪਾਰਸ ਕੁਮਾਰ ਨੇ ਦੱਸਿਆ ਕਿ ਫੈਕਟਰੀ ਵਿੱਚ ਜੁੱਤੀਆਂ ਅਤੇ ਚੱਪਲਾਂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟੋਰ ਵੀ ਕੀਤਾ ਜਾਂਦਾ ਹੈ। ਅੱਗ ਬੇਸਮੈਂਟ ਵਿੱਚ ਲੱਗੀ ਸੀ। ਉਨ੍ਹਾਂ ਮੁਤਾਬਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਕੂਲਿੰਗ ਦਾ ਕੰਮ ਜਾਰੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਫੈਕਟਰੀ ਮਾਲਕ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਠੇਕੇਦਾਰ ਅਤੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।