ਬੈਂਕਾਕ ’ਚ ਹੜ੍ਹਾਂ ਨਾਲ ਵਿਗੜੇ ਹਾਲਾਤ, ਸੜਕਾਂ ’ਤੇ ਪਾਣੀ ‘ਚ ਡੁੱਬੀਆਂ ਗੱਡੀਆਂ; ਸਾਰੇ ਜ਼ਿਲ੍ਹੇ ਆਫ਼ਤ ਪ੍ਰਭਾਵਿਤ ਐਲਾਨੇ
Flood situation worsens in BangkoK: ਬੈਂਕਾਕ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ। ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਗੱਡੀਆਂ ਡੁੱਬ ਗਈਆਂ ਅਤੇ ਬੱਸਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਕੁਝ ਥਾਵਾਂ ’ਤੇ ਲੋਕ ਕਮਰ ਤੱਕ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹਨ। ਕਈ ਇਲਾਕਿਆਂ ਵਿੱਚ ਹੜ੍ਹ ਦੇ ਪਾਣੀ ਵਿੱਚ ਸੱਪ ਵੀ ਦਿਖਾਈ ਦੇਣ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ।
ਪ੍ਰਸ਼ਾਸਨ ਨੇ ਬੈਂਕਾਕ ਦੇ ਸਾਰੇ 50 ਜ਼ਿਲ੍ਹਿਆਂ ਨੂੰ ਆਫ਼ਤ ਪ੍ਰਭਾਵਿਤ ਖੇਤਰ ਐਲਾਨ ਦਿੱਤਾ ਹੈ। ਮੌਸਮ ਵਿਭਾਗ ਨੇ 27 ਸਤੰਬਰ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਬੈਂਕਾਕ ਦੇ ਕੁਝ ਇਲਾਕਿਆਂ ਵਿੱਚ 48 ਘੰਟਿਆਂ ਦੌਰਾਨ ਕਰੀਬ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਲਗਾਤਾਰ ਮੀਂਹ ਕਾਰਨ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਜਲਮਗਨ ਹੋ ਗਈਆਂ ਹਨ।
ਪ੍ਰਧਾਨ ਮੰਤਰੀ ਲੰਡਨ ਦੌਰਾ ਛੱਡ ਕੇ ਬੈਂਕਾਕ ਪਰਤੇ
ਹਾਲਾਤ ਨੂੰ ਦੇਖਦਿਆਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਟਿਨ ਚਾਰਨਵੀਰਾਕੁਲ ਆਪਣਾ ਲੰਡਨ ਦੌਰਾ ਵਿਚਾਲੇ ਛੱਡ ਕੇ ਬੈਂਕਾਕ ਵਾਪਸ ਆ ਗਏ ਹਨ। ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ 233 ਅਸਥਾਈ ਰਾਹਤ ਕੈਂਪ ਬਣਾਏ ਗਏ ਹਨ, ਜਿੱਥੇ ਕਰੀਬ 4,200 ਲੋਕਾਂ ਨੇ ਪਨਾਹ ਲਈ ਹੈ। ਹਾਲਾਤ ਦੇ ਮੱਦੇਨਜ਼ਰ ਕਈ ਸਕੂਲ ਵੀ ਬੰਦ ਕੀਤੇ ਗਏ ਹਨ।
21 ਸੂਬਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ
ਥਾਈਲੈਂਡ ਦੇ ਆਫ਼ਤ ਰੋਕਥਾਮ ਅਤੇ ਰਾਹਤ ਵਿਭਾਗ ਮੁਤਾਬਕ ਦੇਸ਼ ਦੇ 21 ਸੂਬਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਹੈ। ਬੈਂਕਾਕ ਵਿੱਚ 1 ਤੋਂ 25 ਸਤੰਬਰ ਤੱਕ 487 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ 1991 ਤੋਂ 2020 ਦਰਮਿਆਨ ਇਸੇ ਸਮੇਂ ਦਾ ਔਸਤ 269 ਮਿਲੀਮੀਟਰ ਸੀ। ਕੁਝ ਇਲਾਕਿਆਂ ਵਿੱਚ ਮੀਂਹ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਪਾਣੀ ਕੱਢਣ ਦਾ ਕੰਮ ਤੇਜ਼ ਕਰ ਦਿੱਤਾ ਹੈ।
