ਅਹਿਮਦਾਬਾਦ ਜਹਾਜ਼ ਹਾਦਸੇ ਨੂੰ ਲੈ ਕੇ ਹੁਣ ਤੱਕ ਦੀ ਵੱਡੀ ਖ਼ਬਰ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਜਹਾਜ਼ ‘ਚ ਸੀ ਸਵਾਰ
Ahmedabad Plane Crash: ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 242 ਯਾਤਰੀ ਸਵਾਰ ਹੋਣ ਦੀ ਖ਼ਬਰ ਹੈ।
Ahmedabad Air India Plane Crash: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਹੁਣ ਤੱਕ 30 ਲੋਕਾਂ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਜਹਾਜ਼ ਵਿੱਚ ਸਵਾਰ ਸੀ। ਵਿਜੇ ਰੂਪਾਨੀ ਸੀਟ ਨੰਬਰ 2-ਡੀ ‘ਤੇ ਬੈਠੇ ਸੀ। ਟਿਕਟ ਦੀ ਪੁਸ਼ਟੀ ਹੋ ਗਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵਿਜੇ ਰੂਪਾਨੀ ਦੀ ਪਤਨੀ ਬ੍ਰਿਟੇਨ ਵਿੱਚ ਸੀ। ਉਨ੍ਹਾਂ ਦੀ ਪਤਨੀ 6 ਮਹੀਨਿਆਂ ਤੋਂ ਉੱਥੇ ਸੀ। ਵਿਜੇ ਰੂਪਾਨੀ ਉਸਨੂੰ ਲੈਣ ਲਈ ਲੰਡਨ ਜਾ ਰਹੇ ਸੀ। ਫਿਰ ਅਹਿਮਦਾਬਾਦ ਵਿੱਚ ਉਡਾਣ ਭਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਦਰਅਸਲ, 242 ਯਾਤਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਅਹਿਮਦਾਬਾਦ ਦੇ ਮੇਘਾਨੀਨਗਰ ਇਲਾਕੇ ਦੇ ਨੇੜੇ ਵਾਪਰਿਆ। ਜਹਾਜ਼ ਹਾਦਸੇ ਤੋਂ ਤੁਰੰਤ ਬਾਅਦ, ਘਟਨਾ ਸਥਾਨ ਤੋਂ ਅਸਮਾਨ ਵਿੱਚ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਹਾਜ਼ ਹਾਦਸੇ ਵਿੱਚ ਭਾਰੀ ਨੁਕਸਾਨ ਹੋਇਆ ਹੈ।
ਵਿਜੇ ਰੂਪਾਨੀ 2016 ਤੋਂ 2021 ਤੱਕ ਰਹੇ ਮੁੱਖ ਮੰਤਰੀ
ਵਿਜੇ ਰੂਪਾਨੀ 2016 ਤੋਂ 2021 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ। ਆਨੰਦੀਬੇਨ ਪਟੇਲ ਤੋਂ ਬਾਅਦ, ਵਿਜੇ ਰੂਪਾਨਾ ਨੇ 7 ਅਗਸਤ 2016 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ, 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਰਾਜਕੋਟ ਪੱਛਮੀ ਸੀਟ ‘ਤੇ ਆਪਣੀ ਜਿੱਤ ਬਰਕਰਾਰ ਰੱਖੀ ਅਤੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹੇ। ਅਕਤੂਬਰ 2021 ਵਿੱਚ, ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਭੂਪੇਂਦਰ ਪਟੇਲ ਮੁੱਖ ਮੰਤਰੀ ਬਣੇ।
ਪਾਇਲਟ ਸਮੇਤ 10 ਚਾਲਕ ਦਲ ਦੇ ਮੈਂਬਰ
ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ, ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚ ਦੋ ਪਾਇਲਟ ਅਤੇ 2 ਬੱਚਿਆਂ ਸਮੇਤ 8 ਚਾਲਕ ਦਲ ਦੇ ਮੈਂਬਰ ਸ਼ਾਮਲ ਹਨ। ਜਹਾਜ਼ ਦੇ ਪਾਇਲਟ ਦਾ ਨਾਮ ਸੁਮਿਤ ਸੱਭਰਵਾਲ ਦੱਸਿਆ ਜਾ ਰਿਹਾ ਹੈ।
ਅਮਿਤ ਸ਼ਾਹ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੁਖਦਾਈ ਹਾਦਸੇ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹਵਾਈ ਅੱਡੇ ਦੇ ਨੇੜੇ ਇੱਕ ਸਿਵਲ ਹਸਪਤਾਲ ਹੈ, ਜਿੱਥੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜੋ ਵੀ ਜ਼ਖਮੀ ਲੋਕ ਮਿਲੇ, ਕਿਸੇ ਵੀ ਹਾਲਤ ਵਿੱਚ, ਉਨ੍ਹਾਂ ਨੂੰ ਤੁਰੰਤ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਡਾਣ ਦੇ ਟੁਕੜੇ-ਟੁਕੜੇ ਹੋ ਗਏ ਹਨ। ਮਲਬੇ ਹੇਠੋਂ ਲੋਕਾਂ ਨੂੰ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਲਈ ਘੱਟੋ-ਘੱਟ 50 ਐਂਬੂਲੈਂਸਾਂ ਕੰਮ ਕਰ ਰਹੀਆਂ ਹਨ।