ਗੁਰਪ੍ਰੀਤ ਸਿੰਘ ਸੇਖੋਂ ‘ਆਪ’ ਵਿੱਚ ਸ਼ਾਮਲ
- ਜੀਰਾ ਹਲਕੇ ਦੀ ਸਿਆਸਤ ’ਚ ਵਧੀ ਸਰਗਰਮੀ, ਹਲਕੇ ਦੀ ਜ਼ਿੰਮੇਵਾਰੀ ਮਿਲਣ ਦੀ ਵੀ ਚਰਚਾ
Gurpreet Singh Sekhon joins AAP: ਜੀਰਾ: ਜੀਰਾ ਹਲਕੇ ਨਾਲ ਸਬੰਧਤ ਆਗੂ ਗੁਰਪ੍ਰੀਤ ਸਿੰਘ ਸੇਖੋਂ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜੀਰਾ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸਾਬਕਾ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੀਰਾ ਫੇਰੀ ਦੌਰਾਨ ਰਸਮੀ ਤੌਰ ‘ਤੇ ਪਾਰਟੀ ਦਾ ਪੱਲਾ ਫੜਿਆ।
ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਸਮੇਂ ਤੋਂ ਜੀਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਜਤਾਉਂਦੇ ਰਹੇ ਹਨ। ਹੁਣ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਲਕੇ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਵੀ ਚਰਚਾ ਹੈ। ਉਨ੍ਹਾਂ ਦੇ ਪਾਰਟੀ ਵਿੱਚ ਆਉਣ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੀ ਜੀਰਾ ਹਲਕੇ ਵਿੱਚ ਸਿਆਸੀ ਸਰਗਰਮੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਹਾਲ ਹੀ ਵਿੱਚ ਸੇਖੋਂ ਦੀ ਪਤਨੀ ਸਣੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੇ ਬਜ਼ੀਦਪੁਰ ਅਤੇ ਫ਼ਿਰੋਜ਼ਸ਼ਾਹ ਜ਼ੋਨਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੀਆਂ ਹਨ, ਜਿਸ ਕਾਰਨ ਇਲਾਕੇ ਵਿੱਚ ਉਨ੍ਹਾਂ ਦਾ ਸਿਆਸੀ ਦਬਦਬਾ ਵਧਿਆ ਹੈ। ਦੱਸ ਦਈਏ ਕਿ ਬੀਤੇ ਸਮੇਂ ਵਿੱਚ ਗੁਰਪ੍ਰੀਤ ਸੇਖੋਂ, ਮੁੱਖ ਮੰਤਰੀ ਮਾਨ ਦੀ ਮਾਤਾ ਹਰਪਾਲ ਕੌਰ ਨਾਲ ਵੀ ਸਟੇਜ ਸਾਂਝੀ ਕਰ ਚੁੱਕੇ ਹਨ।
