ਦਿਲਜੀਤ ਦੋਸਾਂਝ ਦੇ ਪਿੰਡ ‘ਚ ਲਿਖੇ ਗਏ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਪੁਲਿਸ ਜਾਂਚ ’ਚ ਜੁਟੀ
‘Khalistan Zindabad’ slogans in Diljit Dosanjh’s village: ਜਲੰਧਰ: ਫਿਲੌਰ ਨੇੜੇ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀਆਂ ਕੰਧਾਂ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਘਰ ਤੋਂ ਕਰੀਬ 100 ਗਜ਼ ਦੀ ਦੂਰੀ ’ਤੇ ਦੱਸਿਆ ਜਾ ਰਿਹਾ ਹੈ।
ਘਰ ਦੇ ਮਾਲਕ ਮੁਤਾਬਕ ਰਾਤ ਕਰੀਬ ਡੇਢ ਵਜੇ ਚਾਰ ਨਕਾਬਪੋਸ਼ ਵਿਅਕਤੀਆਂ ਨੇ ਸਪਰੇਅ ਨਾਲ ਉਸ ਦੀ ਕੰਧ ’ਤੇ ਇਹ ਨਾਅਰੇ ਲਿਖੇ। ਉਸ ਨੇ ਸਪੱਸ਼ਟ ਕੀਤਾ ਕਿ ਇਹ ਦਿਲਜੀਤ ਦੋਸਾਂਝ ਦਾ ਘਰ ਨਹੀਂ ਹੈ ਅਤੇ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਭਰਤ ਮਸੀਹ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੰਚਾਇਤ ਵੱਲੋਂ ਕੰਧਾਂ ਤੋਂ ਨਾਅਰੇ ਮਿਟਾ ਦਿੱਤੇ ਗਏ ਹਨ।
ਡੀਐਸਪੀ ਭਰਤ ਮਸੀਹ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਜਾਰੀ ਹੈ।
