ਅੰਮ੍ਰਿਤਸਰ ਦੇ ਇਤਿਹਾਸਕ ਦੁਰਗਿਆਣਾ ਤੀਰਥ ‘ਚ ਨਰਾਤਿਆਂ ਦੇ ਨਾਲ ਪ੍ਰਸਿੱਧ ‘ਲੰਗੂਰ ਮੇਲਾ’ ਸ਼ੁਰੂ
- ਦੁਰਗਿਆਣਾ ਤੀਰਥ ’ਚ 10 ਰੋਜ਼ਾ ਲੰਗੂਰ ਮੇਲਾ ਸ਼ੁਰੂ,
‘Langoor Mela’ begins at Amritsar’s Durgiana Tirath: ਅੰਮ੍ਰਿਤਸਰ: ਸ਼ਾਰਦੀ ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਅੰਮ੍ਰਿਤਸਰ ਦੇ ਇਤਿਹਾਸਕ ਸ੍ਰੀ ਦੁਰਗਿਆਣਾ ਤੀਰਥ ਸਥਿਤ ਵੱਡਾ ਹਨੂੰਮਾਨ ਮੰਦਰ ਵਿੱਚ ਵਿਸ਼ਵ ਪ੍ਰਸਿੱਧ 10 ਰੋਜ਼ਾ ਲੰਗੂਰ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਮੇਲੇ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਦੇ ਨਾਲ ਮੰਦਰ ਵਿੱਚ ਲੰਗੂਰ ਦਾ ਰੂਪ ਧਾਰਨ ਕੀਤੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ।
ਇਹ ਮੇਲਾ ਆਪਣੀ ਵਿਲੱਖਣ ਧਾਰਮਿਕ ਪਰੰਪਰਾ ਕਰਕੇ ਦੇਸ਼-ਵਿਦੇਸ਼ ਵਿੱਚ ਪ੍ਰਸਿੱਧ ਹੈ। ਇਸ ਮੌਕੇ ਸੰਤਾਨ ਦੀ ਪ੍ਰਾਪਤੀ ਲਈ ਸੁੱਖਣਾ ਸੁੱਖਣ ਵਾਲੇ ਅਤੇ ਮਨੋਕਾਮਨਾ ਪੂਰੀ ਹੋਣ ’ਤੇ ਸ਼ੁਕਰਾਨਾ ਕਰਨ ਵਾਲੇ ਪਰਿਵਾਰ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ ਵਿੱਚ ਸਜਾ ਕੇ ਹਨੂੰਮਾਨ ਜੀ ਦੇ ਦਰਸ਼ਨਾਂ ਲਈ ਲਿਆਉਂਦੇ ਹਨ।
ਰਾਮਾਇਣ ਕਾਲ ਨਾਲ ਜੁੜੀ ਹੈ ਮਾਨਤਾ
ਮੰਦਰ ਦੇ ਮੁੱਖ ਪੁਜਾਰੀ ਸ਼ੁਭਮ ਸ਼ਰਮਾ ਅਨੁਸਾਰ, ਇਸ ਸਥਾਨ ਦਾ ਸਬੰਧ ਤ੍ਰੇਤਾ ਯੁੱਗ ਅਤੇ ਰਾਮਾਇਣ ਕਾਲ ਨਾਲ ਜੋੜਿਆ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਕ, ਲਵ ਅਤੇ ਕੁਸ਼ ਨੇ ਅਸ਼ਵਮੇਧ ਯੱਗ ਦੇ ਘੋੜੇ ਨੂੰ ਫੜਨ ਸਮੇਂ ਹਨੂੰਮਾਨ ਜੀ ਨੂੰ ਇੱਥੇ ਇੱਕ ਵਟਵ੍ਰਿੱਖ ਨਾਲ ਬੰਨ੍ਹ ਦਿੱਤਾ ਸੀ। ਬਾਅਦ ਵਿੱਚ ਹਨੂੰਮਾਨ ਜੀ ਨੇ ਆਸ਼ੀਰਵਾਦ ਦਿੱਤਾ ਕਿ ਇੱਥੇ ਸੰਤਾਨ ਦੀ ਇੱਛਾ ਲੈ ਕੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਸੇ ਵਿਸ਼ਵਾਸ ਤਹਿਤ ਨਰਾਤਿਆਂ ਦੌਰਾਨ ਪਰਿਵਾਰ ਆਪਣੇ ਬੱਚਿਆਂ ਨੂੰ ਲਾਲ ਰੰਗ ਦੇ ਵਿਸ਼ੇਸ਼ ਬਾਣੇ ਵਿੱਚ ਸਜਾ ਕੇ ਮੰਦਰ ਲਿਆਉਂਦੇ ਹਨ।
10 ਦਿਨਾਂ ਤੱਕ ਬੱਚਿਆਂ ਨੂੰ ਨਿਭਾਉਣੇ ਪੈਂਦੇ ਹਨ ਧਾਰਮਿਕ ਨਿਯਮ
ਪੁਜਾਰੀ ਸ਼ੁਭਮ ਸ਼ਰਮਾ ਅਤੇ ਆਪਣੇ ਬੱਚੇ ਨੂੰ ਲੰਗੂਰ ਬਣਾਕੇ ਮੰਦਰ ਲਿਆਏ ਸ਼ਰਧਾਲੂ ਵਰੁਣ ਰਾਣਾ ਨੇ ਦੱਸਿਆ ਕਿ ਪਹਿਲੇ ਨਰਾਤੇ ਤੋਂ ਦਸਵੀਂ ਤੱਕ ਬੱਚਿਆਂ ਨੂੰ ਕਈ ਧਾਰਮਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਬੱਚਿਆਂ ਨੂੰ ਲਾਲ ਬਾਣਾ ਪਹਿਨਾਇਆ ਜਾਂਦਾ ਹੈ, ਪੈਰਾਂ ਵਿੱਚ ਘੁੰਗਰੂ, ਸਿਰ ’ਤੇ ਟੋਪੀ ਅਤੇ ਹੱਥ ਵਿੱਚ ਛੜੀ ਦਿੱਤੀ ਜਾਂਦੀ ਹੈ। ਇਸ ਦੌਰਾਨ ਬੱਚੇ ਜ਼ਮੀਨ ’ਤੇ ਸੌਂਦੇ ਹਨ, ਨੰਗੇ ਪੈਰੀਂ ਰਹਿੰਦੇ ਹਨ ਅਤੇ ਦਿਨ ਵਿੱਚ ਦੋ ਵਾਰ ਮੰਦਰ ਵਿੱਚ ਮੱਥਾ ਟੇਕਣ ਜਾਂਦੇ ਹਨ। ਇਸ ਤੋਂ ਇਲਾਵਾ ਚਾਕੂ ਨਾਲ ਕੱਟੇ ਭੋਜਨ, ਪਿਆਜ਼, ਲਸਣ ਅਤੇ ਤਾਮਸਿਕ ਭੋਜਨ ਤੋਂ ਵੀ ਪਰਹੇਜ਼ ਕੀਤਾ ਜਾਂਦਾ ਹੈ।
ਦੇਸ਼-ਵਿਦੇਸ਼ ਤੋਂ ਪਹੁੰਚਦੇ ਹਨ ਸ਼ਰਧਾਲੂ
ਵੱਡਾ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮੰਦਰ ਵਿੱਚ ਹਨੂੰਮਾਨ ਜੀ ਦੀ ਸਵੈੰਭੂ ਬੈਠੀ ਹੋਈ ਮੂਰਤੀ ਸੁਸ਼ੋਭਿਤ ਹੈ। ਉਨ੍ਹਾਂ ਅਨੁਸਾਰ, ਸੰਤਾਨ ਦੀ ਪ੍ਰਾਪਤੀ ਲਈ ਅਰਦਾਸ ਕਰਨ ਵਾਲੇ ਕਈ ਪਰਿਵਾਰ ਆਪਣੀ ਮਨੋਕਾਮਨਾ ਪੂਰੀ ਹੋਣ ’ਤੇ ਇੱਥੇ ਸ਼ੁਕਰਾਨਾ ਕਰਨ ਆਉਂਦੇ ਹਨ। ਸ਼ਰਧਾਲੂ ਅਨਿਲ ਸ਼ਰਮਾ ਨੇ ਕਿਹਾ ਕਿ ਲੰਗੂਰ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਲੋਕ ਪਹੁੰਚਦੇ ਹਨ। ਵੱਖ-ਵੱਖ ਧਰਮਾਂ ਨਾਲ ਸਬੰਧਤ ਸ਼ਰਧਾਲੂ ਵੀ ਇਸ ਪਰੰਪਰਾ ਵਿੱਚ ਸ਼ਾਮਲ ਹੁੰਦੇ ਹਨ।
ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ
ਮੇਲੇ ਦੇ ਮੱਦੇਨਜ਼ਰ ਮੰਦਰ ਪ੍ਰਬੰਧਕਾਂ ਵੱਲੋਂ ਸੁਰੱਖਿਆ, ਰੌਸ਼ਨੀ, ਪੀਣ ਵਾਲੇ ਪਾਣੀ ਅਤੇ ਸ਼ਰਧਾਲੂਆਂ ਦੀਆਂ ਕਤਾਰਾਂ ਲਈ ਪ੍ਰਬੰਧ ਕੀਤੇ ਗਏ ਹਨ। ਅਗਲੇ 10 ਦਿਨਾਂ ਦੌਰਾਨ ਮੰਦਰ ਵਿੱਚ ਧਾਰਮਿਕ ਸਮਾਗਮਾਂ ਅਤੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
