Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਸਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ। ਹੁਣ ਏਆਈਜੀ ਵਰੁਣ ਕੁਮਾਰ ਜਾਂਚ ਕਰਨਗੇ। ਇਸ ਤੋਂ ਪਹਿਲਾਂ ਡੀਆਈਜੀ ਐਚਐਸ ਭੁੱਲਰ ਐਸਆਈਟੀ ਦੇ ਮੁਖੀ ਸਨ। ਇਸ ਤੋਂ ਇਲਾਵਾ 2 ਹੋਰ ਅਧਿਕਾਰੀ ਬਦਲੇ ਗਏ ਹਨ।
ਇਸ ਤੋਂ ਇਲਾਵਾ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਅਤੇ ਐਸਪੀ (ਐਨਆਰਆਈ), ਪਟਿਆਲਾ, ਗੁਰਬੰਸ ਸਿੰਘ ਬੈਂਸ ਨੂੰ ਐਸਆਈਟੀ ਦਾ ਮੈਂਬਰ ਬਣਾਇਆ ਗਿਆ ਹੈ। ਇਹ 5ਵੀਂ ਵਾਰ ਹੈ ਜਦੋਂ SIT ਵਿੱਚ ਬਦਲਾਅ ਕੀਤੇ ਗਏ ਹਨ। ਪਹਿਲਾਂ, ਐਸਆਈਟੀ ਦੀ ਅਗਵਾਈ ਹਮੇਸ਼ਾ ਡੀਆਈਜੀ ਜਾਂ ਇਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ। ਇਹ ਪਹਿਲੀ ਵਾਰ ਹੈ ਜਦੋਂ ਐਸਆਈਟੀ ਦੀ ਕਮਾਨ ਏਆਈਜੀ ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।
ਇਹ ਮਾਮਲਾ ਕਾਂਗਰਸ ਸਰਕਾਰ ਦੌਰਾਨ ਦਰਜ ਹੋਇਆ ਸੀ
ਬਿਕਰਮ ਸਿੰਘ ਮਜੀਠੀਆ ‘ਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਸੰਬਰ 2021 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਮਾਮਲੇ ਵਿੱਚ ਪਹਿਲੀ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਨੇ ਕੀਤੀ ਸੀ। ਪਰ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ, ਬਲਰਾਜ ਸਿੰਘ ਦੀ ਥਾਂ ਆਈਜੀ ਰਾਹੁਲ ਐਸ ਨੂੰ ਐੱਸਆਈਟੀ ਮੁਖੀ ਬਣਾਇਆ ਗਿਆ।
ਐੱਸਆਈਟੀ ਚਾਰਜਸ਼ੀਟ ਦਾਇਰ ਕਰਨ ਵਿੱਚ ਅਸਫਲ ਰਹੀ ਸੀ
ਹਾਲਾਂਕਿ, ਐਸਆਈਟੀ ਮਜੀਠੀਆ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਵਿੱਚ ਅਸਫਲ ਰਹੀ। ਇਸ ਤੋਂ ਬਾਅਦ, ਮਈ 2023 ਵਿੱਚ, ਆਈਜੀਪੀ (ਪਟਿਆਲਾ ਰੇਂਜ) ਐਮਐਸ ਛੀਨਾ ਨੂੰ ਡੀਆਈਜੀ-ਕਮ-ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐਸ. ਦੀ ਥਾਂ ‘ਤੇ ਐਸਆਈਟੀ ਮੁਖੀ ਨਿਯੁਕਤ ਕੀਤਾ ਗਿਆ।
ਬਾਕੀ ਮੈਂਬਰ ਉਹੀ ਰਹੇ, ਜਿਨ੍ਹਾਂ ਵਿੱਚ ਤਤਕਾਲੀ ਏਆਈਜੀ ਰਣਜੀਤ ਸਿੰਘ ਢਿੱਲੋਂ, ਡੀਐਸਪੀ (ਐਸਟੀਐਫ, ਰੂਪਨਗਰ) ਰਘਬੀਰ ਸਿੰਘ ਅਤੇ ਡੀਐਸਪੀ (ਖਰੜ-2) ਅਮਰਪ੍ਰੀਤ ਸਿੰਘ ਸ਼ਾਮਲ ਸਨ। ਇਸ ਦੇ ਨਾਲ ਹੀ ਆਈਜੀ ਗੁਰਸ਼ਰਨ ਸਿੰਘ ਸੰਧੂ ਨੂੰ ਜਾਂਚ ਟੀਮ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਨ੍ਹਾਂ ਅਧਿਕਾਰੀਆਂ ਨੇ ਜਾਂਚ ਕੀਤੀ ਹੈ
ਇਸ ਦੌਰਾਨ, ਜਦੋਂ ਛੀਨਾ ਨੂੰ ਵਧੀਕ ਡੀਜੀਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ, ਤਾਂ ਉਹ ਦਸੰਬਰ 2024 ਵਿੱਚ ਆਪਣੀ ਸੇਵਾਮੁਕਤੀ ਤੱਕ ਐਸਆਈਟੀ ਮੁਖੀ ਵਜੋਂ ਮਜੀਠੀਆ ਮਾਮਲੇ ਦੀ ਜਾਂਚ ਕਰਦੇ ਰਹੇ। ਜਨਵਰੀ 2024 ਵਿੱਚ, ਸਰਕਾਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਇੱਕ ਹੋਰ ਐਸਆਈਟੀ ਬਣਾਈ। ਤਿੰਨ ਮੈਂਬਰੀ ਐਸਆਈਟੀ ਵਿੱਚ ਉਸ ਸਮੇਂ ਦੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਮੈਂਬਰ ਸਨ।
ਪਿਛਲੀ ਵਾਰ ਮਜੀਠੀਆ ਤੋਂ 2 ਦਿਨਾਂ ਲਈ 8-8 ਘੰਟੇ ਪੁੱਛਗਿੱਛ ਕੀਤੀ ਗਈ ਸੀ
ਟੀਮ ਨੇ ਆਖਰੀ ਵਾਰ ਮਾਰਚ ਵਿੱਚ ਮਜੀਠੀਆ ਤੋਂ ਦੋ ਦਿਨਾਂ ਲਈ ਰੋਜ਼ਾਨਾ ਅੱਠ ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਸਨੂੰ ਉਸਦੇ ਖਿਲਾਫ ਡਰੱਗਜ਼ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ, ਮਜੀਠੀਆ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਅਤੇ ਕਿਹਾ ਸੀ ਕਿ ਪੁਲਿਸ ਕੋਲ ਉਸਦੇ ਖਿਲਾਫ ਕੋਈ ਸਬੂਤ ਨਹੀਂ ਹੈ, ਜਿਸ ਕਾਰਨ ਉਹ ਕੋਈ ਚਲਾਨ ਦਾਇਰ ਨਹੀਂ ਕਰ ਸਕੇ।
ਇਹ ਵੀਡੀਓ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ
ਕੁਝ ਦਿਨ ਪਹਿਲਾਂ, ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਇਸ ਮਾਮਲੇ ਵਿੱਚ ਜਲਦੀ ਹੀ ਕੁਝ ਕਾਰਵਾਈ ਕਰ ਸਕਦੀ ਹੈ। ਉਸਦੇ ਘਰ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਕਿਉਂਕਿ ਪਹਿਲੇ ਮਾਮਲੇ ਵਿੱਚ ਸਰਕਾਰ ਨੂੰ ਕੁਝ ਵੀ ਨਹੀਂ ਮਿਲਿਆ ਹੈ। ਹੁਣ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਹੋਰ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੇਕਰ ਮਜੀਠੀਆ ਸੱਚਾ ਹੈ ਤਾਂ ਉਸਨੂੰ ਡਰਨ ਦੀ ਲੋੜ ਨਹੀਂ ਹੈ। ਐਸਆਈਟੀ ਨਿਯਮਾਂ ਅਨੁਸਾਰ ਕਾਰਵਾਈ ਕਰ ਰਹੀ ਹੈ।