BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਵੱਡਾ ਹਾਦਸਾ, ਕਾਰ ਦੀ ਟਰੱਕ ਜ਼ਬਰਦਸਤ ਟੱਕਰ, 1 ਦੀ ਮੌਤ 5 ਜ਼ਖਮੀ
Mansa BJP Nasha Virodhi Yatra Road Accident; ਮਾਨਸਾ ਵਿੱਚ ਬੁੱਧਵਾਰ ਨੂੰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ BJP ਆਗੂਆਂ ਦੀ ਕਾਰ ਦੀ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ।
ਟੱਕਰ ਇੰਨੀ ਭਿਆਨਕ ਸੀ ਕਿ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਹਾਦਸੇ ਤੋਂ ਬਾਅਦ ਭਾਜਪਾ ਵੱਲੋਂ ਆਪਣੀ ਯਾਤਰਾ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ BJP ਆਗੂ ਝੁਨੀਰ ਕਸਬੇ ਵਿੱਚ ਰੈਲੀ ਤੋਂ ਬਾਅਦ ਮਾਨਸਾ ਵਾਪਸ ਆ ਰਹੇ ਸਨ।
ਜਾਣਕਾਰੀ ਮੁਤਾਬਕ BJP ਦੇ ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ ਸਮੇਤ ਕੁੱਲ 6 ਵਰਕਰ ਸਵਿਫਟ ਕਾਰ ਵਿੱਚ ਸਵਾਰ ਸਨ। ਪਿੰਡ ਕੋਟ ਧਰਮੂ ਨੇੜੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ।
BJP ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਦੱਸਿਆ ਕਿ ਹਾਦਸੇ ਵਿੱਚ 23 ਸਾਲਾ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ। BJP ਦੇ ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ DMC ਲੁਧਿਆਣਾ ਰੈਫਰ ਕੀਤਾ ਗਿਆ ਹੈ।
ਬਾਕੀ ਜ਼ਖਮੀਆਂ ਨੂੰ ਇਲਾਜ ਲਈ AIIMS ਬਠਿੰਡਾ ਭੇਜਿਆ ਗਿਆ ਹੈ।
ਸਗੇ ਭਰਾਵਾਂ ‘ਚੋਂ ਇੱਕ ਦੀ ਮੌਤ
ਹਾਦਸੇ ਵਿੱਚ ਵਿਨੋਦ ਕਾਲੀ ਤੋਂ ਇਲਾਵਾ ਸੁਨੀਲ ਕੁਮਾਰ, ਭੀਮ, ਮੋਹਿਤ ਸਿੰਗਲਾ ਅਤੇ ਨਵਦੀਪ ਸਿੰਘ ਜ਼ਖਮੀ ਹੋਏ ਹਨ।
ਅਰਸ਼ਦੀਪ ਸਿੰਘ ਅਤੇ ਨਵਦੀਪ ਸਿੰਘ ਦੋਵੇਂ ਸਕੇ ਭਰਾ ਸਨ ਅਤੇ ਪਿੰਡ ਰਾਮਦਿੱਤੇ ਵਾਲਾ ਦੇ ਰਹਿਣ ਵਾਲੇ ਸਨ।
ਹਾਦਸੇ ਤੋਂ ਬਾਅਦ ਭਾਜਪਾ ਵੱਲੋਂ ਮਾਨਸਾ ਅਤੇ ਬੋਹਾ ਵਿੱਚ ਹੋਣ ਵਾਲੀਆਂ ਰੈਲੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
