ਰਾਮਪੁਰਾ ਫੂਲ ’ਚ ਮਲੂਕਾ ਤੇ ਬਲਕਾਰ ਸਿੱਧੂ ਆਹਮੋ-ਸਾਹਮਣੇ, ਤਿੱਖੀ ਬਹਿਸ ਦੀ ਵੀਡੀਓ ਵਾਇਰਲ
Maluka and Balkar Sidhu face to face: ਬਠਿੰਡਾ: ਰਾਮਪੁਰਾ ਫੂਲ ਤੋਂ ਕਰੀਬ 15 ਸੈਕਿੰਡ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹੈ, ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ ਦੋਵਾਂ ਵਿਚਾਲੇ ਤਿੱਖੀ ਨੋਕ-ਝੋਕ ਸੁਣਾਈ ਦਿੰਦੀ ਹੈ। ਗੱਲਬਾਤ ਦੌਰਾਨ ਇੱਕ ਪਾਸੇ ‘ਬਦਮਾਸ਼ੀ ਨਹੀਂ ਚੱਲਣ ਦੇਣੀ’ ਕਿਹਾ ਜਾਂਦਾ ਸੁਣਾਈ ਦਿੰਦਾ ਹੈ, ਜਦਕਿ ਜਵਾਬ ਵਿੱਚ ‘ਬਦਮਾਸ਼ੀ ਤੁਸੀਂ ਕਰ ਰਹੇ ਹੋ’ ਕਿਹਾ ਗਿਆ। ਹਾਲਾਂਕਿ, ਇਸ ਛੋਟੇ ਵੀਡੀਓ ਕਲਿੱਪ ਤੋਂ ਬਹਿਸ ਦੇ ਪੂਰੇ ਸੰਦਰਭ ਅਤੇ ਇਸ ਦੀ ਸ਼ੁਰੂਆਤ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ।
ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਵਿੱਚ ਦੋਵੇਂ ਆਗੂ ਲੰਬੇ ਸਮੇਂ ਤੋਂ ਸਰਗਰਮ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਲਕਾਰ ਸਿੰਘ ਸਿੱਧੂ ਨੇ 56,155 ਵੋਟਾਂ ਨਾਲ ਸੀਟ ਜਿੱਤੀ ਸੀ, ਜਦਕਿ ਸਿਕੰਦਰ ਸਿੰਘ ਮਲੂਕਾ 45,745 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ ਸਨ।
ਤਾਜ਼ਾ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਹੋਈ ਤਕਰਾਰ ਨੂੰ ਲੈ ਕੇ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ। ਫਿਲਹਾਲ ਵੀਡੀਓ ਦੇ ਪੂਰੇ ਸੰਦਰਭ ਜਾਂ ਇਸ ਘਟਨਾ ਸਬੰਧੀ ਦੋਵਾਂ ਆਗੂਆਂ ਵੱਲੋਂ ਕਿਸੇ ਸਪਸ਼ਟੀਕਰਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
