ਹੋਸਟਲ ‘ਚ ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ; ਖਰੜ ਦੀ ਰਹਿਣ ਵਾਲੀ ਸੀ 22 ਸਾਲਾ ਅਮਨਪ੍ਰੀਤ
Baba Farid University: ਫ਼ਰੀਦਕੋਟ ਸਥਿਤ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS) ਦੇ ਹੋਸਟਲ ਵਿੱਚੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਨਰਸਿੰਗ ਹੋਸਟਲ ਵਿੱਚ ਰਹਿ ਰਹੀ ਇੱਕ 22 ਸਾਲਾ ਕੁੜੀ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਦਿਆਰਥਣ ਨੇ ਸ਼ਨੀਵਾਰ ਤੜਕੇ ਸਵੇਰੇ 2:30 ਵਜੇ ਦੇ ਕਰੀਬ ਹੋਸਟਲ ਦੇ ਕਮਰੇ ਅੰਦਰ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਤੱਕ ਹੋਸਟਲ ਦੇ ਹੋਰਨਾਂ ਬੱਚਿਆਂ ਅਤੇ ਸਟਾਫ਼ ਨੂੰ ਘਟਨਾ ਦੀ ਭਿਣਕ ਲੱਗੀ, ਉਦੋਂ ਤੱਕ ਵਿਦਿਆਰਥਣ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਖਰੜ ਦੀ ਰਹਿਣ ਵਾਲੀ ਸੀ ਮ੍ਰਿਤਕਾ
ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ 22 ਸਾਲਾ ਅਮਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਖਰੜ ਦੇ ਸ਼ਿਵਜੋਤ ਐਨਕਲੇਵ ਦੇ ਰਹਿਣ ਵਾਲੇ ਗੁਰਮੁਖ ਸਿੰਘ ਦੀ ਸਪੁੱਤਰੀ ਸੀ। ਅਮਨਪ੍ਰੀਤ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਵਿੱਚ ਬੀ.ਐਸ.ਸੀ. ਨਰਸਿੰਗ (B.Sc. Nursing) ਦੇ ਤੀਜੇ ਸਮੈਸਟਰ ਦੀ ਪੜ੍ਹਾਈ ਕਰ ਰਹੀ ਸੀ ਅਤੇ ਕਾਲਜ ਦੇ ਹੋਸਟਲ ਵਿੱਚ ਹੀ ਰਹਿ ਰਹੀ ਸੀ।
ਪਰਿਵਾਰ ਦੇ ਆਉਣ ‘ਤੇ ਹੋਵੇਗੀ ਅਗਲੀ ਕਾਰਵਾਈ: ਪੁਲਿਸ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (DSP) ਤਰਲੋਚਨ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਫ਼ਰੀਦਕੋਟ ਪਹੁੰਚਣ ਤੋਂ ਬਾਅਦ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।