ਪੰਜਾਬ ‘ਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ: ਕਿਸਾਨਾਂ ਨੂੰ ਅੱਜ ਤੋਂ ਮਿਲੇਗਾ ਨਹਿਰੀ ਪਾਣੀ, ਜਾਣੋ ਤੁਹਾਡੇ ਜ਼ਿਲ੍ਹੇ ਦੀ ਤਰੀਕ
Paddy Sowing Punjab 2026: ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਕਿਸਾਨਾਂ ਲਈ ਝੋਨੇ ਦੀ ਲਵਾਈ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਵਾਰ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਤਿੰਨ ਪੜਾਵਾਂ ਵਿੱਚ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ, ਜ਼ਮੀਨੀ ਪਾਣੀ ਅਤੇ ਬਿਜਲੀ ਦੀ ਬੱਚਤ ਲਈ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਹੀ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਨਹਿਰੀ ਪਾਣੀ ਦੀ ਅਗੇਤੀ ਸਪਲਾਈ
ਮੁੱਖ ਮੰਤਰੀ ਅਨੁਸਾਰ, ਨਹਿਰਾਂ ਵਿੱਚ 21 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ 2 ਮਈ ਤੱਕ ਅਬੋਹਰ ਅਤੇ ਫ਼ਾਜ਼ਿਲਕਾ ਵਰਗੇ ਸਰਹੱਦੀ ਖੇਤਰਾਂ ਦੀਆਂ ਟੇਲਾਂ ਤੱਕ ਪਹੁੰਚ ਜਾਵੇਗਾ। ਇਸ ਅਗੇਤੀ ਸਪਲਾਈ ਦਾ ਸਭ ਤੋਂ ਵੱਧ ਫਾਇਦਾ ਨਰਮਾ ਪੱਟੀ ਦੇ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਨੇ ਮਈ ਮਹੀਨੇ ਵਿੱਚ ਨਰਮੇ ਦੀ ਬਿਜਾਈ ਕਰਨੀ ਹੈ।
ਝੋਨੇ ਦੀ ਲਵਾਈ ਦੇ ਤਿੰਨ ਪੜਾਅ:
| ਪੜਾਅ | ਤਰੀਕ | ਸ਼ਾਮਲ ਜ਼ਿਲ੍ਹੇ |
|---|---|---|
| ਪਹਿਲਾ ਪੜਾਅ | 1 ਜੂਨ | ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਰੂਪਨਗਰ। |
| ਦੂਜਾ ਪੜਾਅ | 5 ਜੂਨ | ਫ਼ਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ, ਬਠਿੰਡਾ ਅਤੇ ਫ਼ਾਜ਼ਿਲਕਾ। |
| ਤੀਜਾ ਪੜਾਅ | 9 ਜੂਨ | ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਾਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ। |
- ਸਿੱਧੀ ਬਿਜਾਈ: ਝੋਨੇ ਦੀ ਸਿੱਧੀ ਬਿਜਾਈ (DSR) ਲਈ 15 ਮਈ ਤੋਂ 31 ਮਈ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
- ਬਿਜਲੀ ਸਪਲਾਈ: ਲਵਾਈ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।
- ਜ਼ਮੀਨੀ ਪਾਣੀ: ਸਰਕਾਰ ਦਾ ਦਾਅਵਾ ਹੈ ਕਿ ਵਾਟਰ ਰੀਚਾਰਜਿੰਗ ਸਦਕਾ ਜ਼ਮੀਨੀ ਪਾਣੀ ਦਾ ਪੱਧਰ 2 ਤੋਂ 4 ਮੀਟਰ ਉੱਪਰ ਆਇਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹਜ਼ਾਰਾਂ ਕਿਲੋਮੀਟਰ ਨਵੇਂ ਖਾਲ਼ ਅਤੇ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ। ਅਗੇਤੀ ਨਹਿਰੀ ਸਪਲਾਈ ਨਾਲ ਇਨ੍ਹਾਂ ਦੀ ਟੈਸਟਿੰਗ ਵੀ ਹੋ ਜਾਵੇਗੀ ਅਤੇ ਕਿਸਾਨ ਆਪਣੀ ਫ਼ਸਲ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰ ਸਕਣਗੇ।
ਪੜਾਅਵਾਰ ਲਵਾਈ ਦਾ ਫ਼ੈਸਲਾ ਬਿਜਲੀ ਦੀ ਮੰਗ ਦੇ ਇੱਕਦਮ ਵਧਣ ਵਾਲੇ ਬੋਝ ਨੂੰ ਘਟਾਉਣ ਲਈ ਲਿਆ ਗਿਆ ਹੈ।