ਪਰਵਿੰਦਰ ਝੋਟਾ ਕਤਲ ਮਾਮਲਾ: ਬਾਪੂ ਭੀਮ ਸਿੰਘ ਨੇ ਧਰਨੇ ਦੀ ਅਗਲੀ ਰਣਨੀਤੀ ਨੂੰ ਲੈ ਕੇ ਕੀਤੀ ਵੱਡੀ ਅਪੀਲ
ਮਾਨਸਾ: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਮਾਮਲੇ ਤੋਂ ਬਾਅਦ ਹੁਣ ਦਲਜੀਤ ਦੀ ਮੌਤ ਨੂੰ ਲੈ ਕੇ ਮਾਨਸਾ ਵਿੱਚ ਤਣਾਅ ਵਧ ਗਿਆ ਹੈ। 27 ਅਕਤੂਬਰ ਨੂੰ ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਦਲਜੀਤ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਦਲਜੀਤ ਦੀ ਲਾਸ਼ ਲੈ ਕੇ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ਵਿੱਚ ਪਹੁੰਚ ਗਏ। ਜਾਣਕਾਰੀ ਅਨੁਸਾਰ, ਧਰਨੇ ਵਾਲੀ ਥਾਂ ’ਤੇ ਪੁਲਿਸ ਨੇ ਪਰਿਵਾਰ ਕੋਲੋਂ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਇਸ ਕਾਰਵਾਈ ਨੂੰ ਲੈ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ।
ਪਰਿਵਾਰ ਦਾ ਦੋਸ਼—ਪੋਸਟਮਾਰਟਮ ਲਈ ਪਾਇਆ ਜਾ ਰਿਹਾ ਦਬਾਅ
ਦਲਜੀਤ ਦੇ ਪਰਿਵਾਰ ਨੇ ਹੁਣ ਦੋਸ਼ ਲਾਇਆ ਹੈ ਕਿ ਪੁਲਿਸ ਉਨ੍ਹਾਂ ’ਤੇ ਜ਼ਬਰਦਸਤੀ ਪੋਸਟਮਾਰਟਮ ਕਰਵਾਉਣ ਲਈ ਦਬਾਅ ਪਾ ਰਹੀ ਹੈ। ਪਰਿਵਾਰ ਦੀਆਂ ਚਿੰਤਾਵਾਂ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਮਾਮਲਾ ਹੋਰ ਭਖ ਗਿਆ ਹੈ। ਹਾਲਾਂਕਿ, ਪੋਸਟਮਾਰਟਮ ਸਬੰਧੀ ਪੁਲਿਸ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ। ਦਲਜੀਤ ਦੀ ਲਾਸ਼ ਇਸ ਸਮੇਂ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਰੱਖੀ ਹੋਈ ਹੈ। ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਅਤੇ ਹੋਰ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਪਰਵਿੰਦਰ ਝੋਟਾ ਦਾ 14 ਦਿਨਾਂ ਬਾਅਦ ਵੀ ਪੋਸਟਮਾਰਟਮ ਨਹੀਂ
ਦੂਜੇ ਪਾਸੇ, ਪਰਵਿੰਦਰ ਝੋਟਾ ਦੇ ਮਾਮਲੇ ਵਿੱਚ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਰਿਵਾਰਕ ਜਾਣਕਾਰੀ ਅਨੁਸਾਰ, 14 ਦਿਨ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਹੈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਹੈ।
ਬਾਪੂ ਭੀਮ ਸਿੰਘ ਨੇ ਧਰਨੇ ਦੀ ਅਗਲੀ ਰਣਨੀਤੀ ਨੂੰ ਲੈ ਕੇ ਕਰਤਾ ਵੱਡਾ ਐਲਾਨ
ਉੱਥੇ ਹੀ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਮਾਨਸਾ ਪਹੁੰਚ ਕੇ ਇਨਸਾਫ਼ ਕਮੇਟੀ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਨੇ ਲੋਕਾਂ ਨੂੰ ਇਸ ਮਾਮਲੇ ਵਿੱਚ ਪਰਿਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਦਲਜੀਤ ਦੀ ਮੌਤ ਅਤੇ ਪਰਵਿੰਦਰ ਝੋਟਾ ਦੇ ਮਾਮਲੇ ਨੂੰ ਲੈ ਕੇ ਮਾਨਸਾ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਹੁਣ ਸਾਰਿਆਂ ਦੀ ਨਜ਼ਰ ਪੁਲਿਸ ਦੀ ਅਗਲੀ ਕਾਰਵਾਈ, ਪੋਸਟਮਾਰਟਮ ਅਤੇ ਜਾਂਚ ਦੇ ਨਤੀਜਿਆਂ ’ਤੇ ਹੈ।