ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ
- ਭੈਣ ਵੀ ਜ਼ਖਮੀ, ਨਸ਼ਾ ਤਸਕਰਾਂ ਦੀ ਸੂਚਨਾ ਦੇਣ ਕਾਰਨ ਰੰਜਿਸ਼ ਦਾ ਦੋਸ਼
Punjab Police constable attacked while on duty: ਗੁਰਦਾਸਪੁਰ: ਗੁਰਦਾਸਪੁਰ ਦੇ ਬੱਬੇਹਾਲੀ ਅੱਡੇ ’ਤੇ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਕਾਂਸਟੇਬਲ ਕਰਨਪ੍ਰੀਤ ਸਿੰਘ ਅਤੇ ਉਸ ਦੀ ਭੈਣ ’ਤੇ ਕੁਝ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਦੋਵੇਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਰਨਪ੍ਰੀਤ ਸਿੰਘ ਦੀ ਡਿਊਟੀ ਬੱਬੇਹਾਲੀ ਵਿਖੇ ਲੱਗੇ ਛਿੰਜ ਮੇਲੇ ਵਿੱਚ ਲਗਾਈ ਗਈ ਸੀ। ਉਹ ਨੇੜਲੇ ਪਿੰਡ ਮੁਸਤਫਾ ਜੱਟਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਮਲੇ ਸਮੇਂ ਕਾਂਸਟੇਬਲ ਪੁਲਿਸ ਦੀ ਵਰਦੀ ਵਿੱਚ ਡਿਊਟੀ ’ਤੇ ਮੌਜੂਦ ਸੀ।
ਨਸ਼ਾ ਤਸਕਰੀ ਦੀ ਜਾਣਕਾਰੀ ਦੇਣ ਕਾਰਨ ਹਮਲੇ ਦਾ ਦੋਸ਼
ਜ਼ਖਮੀ ਕਾਂਸਟੇਬਲ ਕਰਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਉਸ ਦਾ ਕਹਿਣਾ ਹੈ ਕਿ ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ’ਤੇ ਹਮਲਾ ਕੀਤਾ ਗਿਆ।
ਪੁਲਿਸ ਨੇ ਕਿਹਾ—ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਵਿਵਾਦ
ਉਧਰ, ਡੀਐਸਪੀ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਹੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਅਤੇ ਇਸ ਸਬੰਧੀ ਪਹਿਲਾਂ ਵੀ ਮਾਮਲੇ ਦਰਜ ਹੋ ਚੁੱਕੇ ਹਨ। ਪੁਲਿਸ ਵੱਲੋਂ ਜ਼ਖਮੀ ਕਾਂਸਟੇਬਲ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਨੇ ਕਿਹਾ ਕਿ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
