ਕੈਨੇਡਾ ’ਚ ਪੰਜਾਬੀ ਵਕੀਲ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ
Punjabi lawyer arrested in Canada: ਬਰੈਂਪਟਨ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੀਲ ਰੀਜਨਲ ਪੁਲੀਸ ਨੇ ਬਰੈਂਪਟਨ ਦੇ ਇੱਕ ਪੰਜਾਬੀ ਮੂਲ ਦੇ ਵਕੀਲ ਨੂੰ ਕਥਿਤ ਤੌਰ ’ਤੇ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਮਾਮਲਾ ਜਾਇਦਾਦ ਦੀ ਖ਼ਰੀਦ-ਵੇਚ ਦੌਰਾਨ ਕਰੀਬ 43 ਲੱਖ ਕੈਨੇਡੀਅਨ ਡਾਲਰ (ਲਗਭਗ 30 ਕਰੋੜ ਰੁਪਏ) ਦੀ ਹੇਰਾਫੇਰੀ ਨਾਲ ਸਬੰਧਤ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ 52 ਸਾਲਾ ਪਵਨਜੀਤ ਸਿੰਘ ਮਾਨ ਵਜੋਂ ਕੀਤੀ ਹੈ। ਦੱਸਿਆ ਗਿਆ ਹੈ ਕਿ ਉਹ ‘ਪੀਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ’ ਦੇ ਨਾਂ ਹੇਠ ਪ੍ਰਾਪਰਟੀ ਟਰਾਂਜ਼ੈਕਸ਼ਨਾਂ ਨਾਲ ਸਬੰਧਤ ਕਾਨੂੰਨੀ ਕੰਮ ਕਰਦਾ ਸੀ। ਹਾਲਾਂਕਿ, ਲਾਅ ਸੁਸਾਇਟੀ ਵੱਲੋਂ ਉਸ ਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ।
ਟਰੱਸਟ ਅਕਾਊਂਟ ਦੀ ਦੁਰਵਰਤੋਂ ਦਾ ਦੋਸ਼
ਪੁਲੀਸ ਅਨੁਸਾਰ, ਲਾਇਸੈਂਸ ਰੱਦ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਕਥਿਤ ਤੌਰ ’ਤੇ ਸਾਹਮਣੇ ਆਇਆ ਕਿ ਮੁਲਜ਼ਮ ਨੇ ਜਾਇਦਾਦ ਦੀ ਖ਼ਰੀਦ-ਵੇਚ ਲਈ ਵਰਤੇ ਜਾਂਦੇ ਟਰੱਸਟ ਬੈਂਕ ਅਕਾਊਂਟ ਦੀ ਗਲਤ ਵਰਤੋਂ ਕੀਤੀ। ਦੋਸ਼ ਹੈ ਕਿ ਇਸ ਰਾਹੀਂ ਉਨ੍ਹਾਂ ਗਾਹਕਾਂ ਦੀ ਰਕਮ ਨਾਲ ਹੇਰਾਫੇਰੀ ਕੀਤੀ ਗਈ, ਜਿਨ੍ਹਾਂ ਨੇ ਜਾਇਦਾਦ ਦੀ ਖ਼ਰੀਦ ਜਾਂ ਵਿਕਰੀ ਲਈ ਉਸ ’ਤੇ ਭਰੋਸਾ ਕੀਤਾ ਸੀ। ਪੁਲੀਸ ਮੁਤਾਬਕ ਕਥਿਤ ਧੋਖਾਧੜੀ ਦੀ ਕੁੱਲ ਰਕਮ 43 ਲੱਖ ਡਾਲਰ ਦੇ ਕਰੀਬ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਉਸ ਖ਼ਿਲਾਫ਼ ਧੋਖਾਧੜੀ ਨਾਲ ਸਬੰਧਤ ਚਾਰ ਦੋਸ਼ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਪੀੜਤਾਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ
ਪੀਲ ਪੁਲੀਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਲਈ ਪੁਲੀਸ ਨੇ ਅਜਿਹੇ ਕਿਸੇ ਵੀ ਵਿਅਕਤੀ ਨੂੰ, ਜਿਸ ਨੂੰ ਇਸ ਵਕੀਲ ਨਾਲ ਜੁੜੇ ਪ੍ਰਾਪਰਟੀ ਟਰਾਂਜ਼ੈਕਸ਼ਨ ਵਿੱਚ ਨੁਕਸਾਨ ਹੋਇਆ ਹੋਵੇ, ਅੱਗੇ ਆ ਕੇ ਪੁਲੀਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਪੁਲੀਸ ਨੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜਾਇਦਾਦ ਦੀ ਖ਼ਰੀਦ-ਵੇਚ ਦੌਰਾਨ ਵੱਡੀ ਰਕਮ ਟਰੱਸਟ ਅਕਾਊਂਟ ਵਿੱਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸਬੰਧਤ ਵਕੀਲ ਜਾਂ ਲਾਅ ਫਰਮ ਦੀ ਜਾਣਕਾਰੀ ਲਾਅ ਸੁਸਾਇਟੀ ਕੋਲੋਂ ਜ਼ਰੂਰ ਤਸਦੀਕ ਕਰ ਲੈਣ।
ਪੁਲੀਸ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ਵਿੱਚ ਹੋਰ ਦੋਸ਼ ਵੀ ਜੋੜੇ ਜਾ ਸਕਦੇ ਹਨ।
