ਮੋਹਾਲੀ ’ਚ ਘਰ ਅੰਦਰ ਮਹਿਲਾ ਦਾ ਕਤਲ, ਘਰ ‘ਚ ਖੂਨ ਨਾਲ ਲੱਥਪੱਥ ਮਿਲੀ ਲਾਸ਼
Mohali Woman Murder Case; ਮੋਹਾਲੀ ਵਿੱਚ ਮੰਗਲਵਾਰ ਨੂੰ ਘਰ ਅੰਦਰ ਇੱਕ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਉਸ ਦੇ ਸਰੀਰ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਟੀਮ ਵੱਲੋਂ ਘਰ ਦੇ ਅੰਦਰ ਬਾਰੀਕੀ ਨਾਲ ਜਾਂਚ ਕਰਕੇ ਕਈ ਅਹਿਮ ਸਬੂਤ ਇਕੱਠੇ ਕੀਤੇ ਗਏ ਹਨ।
ਮ੍ਰਿਤਕਾ ਦੀ ਪਛਾਣ 35 ਸਾਲਾ ਪੂਨਮ ਵਜੋਂ ਹੋਈ ਹੈ। ਇਹ ਵਾਰਦਾਤ ਜੀਰਕਪੁਰ ਦੇ ਬਿਸ਼ਨਪੁਰਾ ਇਲਾਕੇ ਦੀ ਦਸ਼ਮੇਸ਼ ਨਗਰ ਕਾਲੋਨੀ ਵਿੱਚ ਵਾਪਰੀ।
ਪੁਲਿਸ ਨੂੰ ਮਹਿਲਾ ਦੇ ਪਹਿਲੇ ਪਤੀ ’ਤੇ ਹੱਤਿਆ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
