‘ਕੀ ਇਹ ਨਵਾਂ iPhone ਹੈ ?’ ਪੁੱਛ ਕੇ ਲੁਟੇਰਿਆਂ ਨੇ ਝਪਟਿਆ iPhone 18 Pro
Robbers snatched iPhone 18 Pro: ਨੋਇਡਾ: ਗ੍ਰੇਟਰ ਨੋਇਡਾ ਵੈਸਟ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇੱਕ ਮਹਿਲਾ ਤੋਂ ਨਵਾਂ iPhone 18 Pro ਝਪਟ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਵਾਰਦਾਤ ਤੋਂ ਪਹਿਲਾਂ ਬਦਮਾਸ਼ਾਂ ਨੇ ਮਹਿਲਾ ਤੋਂ ਫੋਨ ਦੇ ਮਾਡਲ ਬਾਰੇ ਪੁੱਛਿਆ ਅਤੇ ਉਸ ਦੇ ‘ਹਾਂ’ ਕਹਿਣ ਤੋਂ ਬਾਅਦ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਚੇਰੀ ਕਾਊਂਟੀ ਸੋਸਾਇਟੀ ਦੇ ਨੇੜੇ ਉਸ ਸਮੇਂ ਵਾਪਰੀ ਜਦੋਂ ਮਹਿਲਾ ਈ-ਰਿਕਸ਼ਾ ਵਿੱਚ ਬੈਠੀ ਕਿਰਾਇਆ ਅਦਾ ਕਰਨ ਲਈ ਆਪਣੇ ਫੋਨ ਨਾਲ QR ਕੋਡ ਸਕੈਨ ਕਰ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਦੋ ਬਾਈਕ ਸਵਾਰਾਂ ਨੇ ਪਹਿਲਾਂ ਉਸ ਤੋਂ ਪਤਾ ਪੁੱਛਿਆ ਅਤੇ ਫਿਰ ਹੱਥ ਵਿੱਚ ਫੜੇ ਨਵੇਂ ਫੋਨ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਕਿ ਕੀ ਇਹ ਨਵਾਂ iPhone ਹੈ।
ਮਹਿਲਾ ਵੱਲੋਂ ‘ਹਾਂ’ ਕਹਿਣ ਤੋਂ ਤੁਰੰਤ ਬਾਅਦ ਮੁਲਜ਼ਮ ਉਸ ਦੇ ਹੱਥੋਂ iPhone 18 Pro ਝਪਟ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਮੁਤਾਬਕ ਉਸ ਨੇ ਇਹ ਮਹਿੰਗਾ ਫੋਨ ਘਟਨਾ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਹੀ ਖਰੀਦਿਆ ਸੀ। ਸੈਂਚੁਰੀਅਨ ਪਾਰਕ ਲੋ ਰਾਈਜ਼ ਦੀ ਰਹਿਣ ਵਾਲੀ ਸ਼ੁਭੀ ਭੰਡਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 21 ਸਤੰਬਰ ਨੂੰ ਉਹ ਆਪਣੀ ਸੋਸਾਇਟੀ ਤੋਂ ਈ-ਰਿਕਸ਼ਾ ਰਾਹੀਂ ਮੰਦਰ ਵੱਲ ਜਾ ਰਹੀ ਸੀ। ਚੇਰੀ ਕਾਊਂਟੀ ਸੋਸਾਇਟੀ ਪਾਰ ਕਰਨ ਤੋਂ ਬਾਅਦ ਕਿਰਾਇਆ ਦੇਣ ਲਈ QR ਕੋਡ ਸਕੈਨ ਕਰਦੇ ਸਮੇਂ ਇਹ ਵਾਰਦਾਤ ਵਾਪਰੀ।
ਪੀੜਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਤਵਾਲੀ ਇੰਚਾਰਜ ਰਣਜੀਤ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ FIR ਦਰਜ ਕੀਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
