ਚੰਡੀਗੜ੍ਹ ‘ਚ ਸਨਸਨੀਖੇਜ਼ ਵਾਰਦਾਤ: 15 ਸਾਲਾ ਕੁੜੀ ਨੇ ਗੁਆਂਢ ਦੇ 10 ਸਾਲਾ ਬੱਚੇ ਨੂੰ ਕੀਤਾ ਕਿਡਨੈਪ, ਹਰਿਦੁਆਰ ਲਿਜ ਕਰਨਾਇਆ ਇਹ ਕੰਮ
Chandigarh Crime: ਚੰਡੀਗੜ੍ਹ ਦੇ ਬੁੜੈਲ ਇਲਾਕੇ ਵਿੱਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 15 ਸਾਲ ਦੀ ਨਾਬਾਲਗ ਕੁੜੀ ਨੇ ਆਪਣੇ ਹੀ ਗੁਆਂਢ ਵਿੱਚ ਰਹਿਣ ਵਾਲੇ 10 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। ਮੁਲਜ਼ਮ ਕੁੜੀ ਬੱਚੇ ਨੂੰ ਹਰਿਦੁਆਰ ਲੈ ਗਈ, ਜਿੱਥੇ ਉਸ ਨੇ ਬੱਚੇ ਨੂੰ ਇੱਕ ਅਣਜਾਣ ਔਰਤ ਦੇ ਹਵਾਲੇ ਕਰ ਦਿੱਤਾ। ਉੱਥੇ ਬੱਚੇ ਨੂੰ ਡਰਾ-ਧਮਕਾ ਕੇ ਜਬਰਨ ਭੀਖ ਮੰਗਵਾਈ ਗਈ ਅਤੇ ਉਸ ਦੀ ਪਛਾਣ ਛੁਪਾਉਣ ਲਈ ਉਸ ਦੇ ਵਾਲ ਵੀ ਕੱਟ ਦਿੱਤੇ ਗਏ।
ਪੀੜਤ ਬੱਚੇ ਦੇ ਪਿਤਾ ਅਤੇ ਮਾਸੀ ਦੀ ਹਿੰਮਤ ਅਤੇ ਚੰਡੀਗੜ੍ਹ ਪੁਲਿਸ ਦੀ ਮੁਸਤੈਦੀ ਸਦਕਾ ਬੱਚੇ ਨੂੰ ਸ਼ਨੀਵਾਰ ਸ਼ਾਮ ਹਰਿਦੁਆਰ ਤੋਂ ਸਹੀ-ਸਲਾਮਤ ਰੇਸਕਿਊ ਕਰ ਲਿਆ ਗਿਆ ਹੈ। ਪੁਲਿਸ ਨੇ ਅਗਵਾਕਾਰ ਨਾਬਾਲਗ ਕੁੜੀ ਨੂੰ ਗ੍ਰਿਫ਼ਤਾਰ ਕਰਕੇ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 137(2) ਤਹਿਤ ਕੇਸ ਦਰਜ ਕਰ ਲਿਆ ਹੈ। ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਡਿਊਟੀ ਮੈਜਿਸਟਰੇਟ ਸਾਹਮਣੇ ਧਾਰਾ 164 ਤਹਿਤ ਬਿਆਨ ਦਰਜ ਕਰਵਾਏ ਗਏ ਹਨ।
ਪੀੜਤ ਬੱਚੇ ਦੀ ਹੱਡਬੀਤੀ: “ਜੂਸ ਪਿਲਾਉਣ ਦੇ ਬਹਾਨੇ ਕੀਤਾ ਬੇਹੋਸ਼”
ਚੰਡੀਗੜ੍ਹ ਪਹੁੰਚੇ ਪੀੜਤ ਬੱਚੇ ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲੀ ਦੀਦੀ (ਮੁਲਜ਼ਮ ਕੁੜੀ) ਉਸ ਨੂੰ ਜੂਸ ਪਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਈ ਸੀ। ਜੂਸ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਟ੍ਰੇਨ ਵਿੱਚ ਸੀ। ਬੱਚੇ ਮੁਤਾਬਕ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਹਰਿਦੁਆਰ ਪਹੁੰਚ ਕੇ ਕੁੜੀ ਨੇ ਉਸ ਨੂੰ ਇੱਕ ਹੋਰ ਔਰਤ ਦੇ ਹਵਾਲੇ ਕਰ ਦਿੱਤਾ। ਉਹ ਔਰਤ ਬੱਚੇ ਤੋਂ ਦਿਨ ਭਰ ਭੀਖ ਮੰਗਵਾਉਂਦੀ ਸੀ ਅਤੇ ਰਾਤ ਨੂੰ ਖਾਣਾ ਖਾਣ ਲਈ ਲੰਗਰ ਵਿੱਚ ਲੈ ਜਾਂਦੀ ਸੀ। ਬੱਚੇ ਦੀ ਪਛਾਣ ਬਦਲਣ ਲਈ ਉਸ ਔਰਤ ਨੇ ਬੱਚੇ ਦੇ ਵਾਲ ਵੀ ਕੱਟ ਦਿੱਤੇ ਸਨ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ 27 ਮਈ ਨੂੰ ਇਹ ਨਾਬਾਲਗ ਕੁੜੀ ਉਸੇ ਔਰਤ ਦਾ ਮੋਬਾਈਲ ਅਤੇ 7000 ਰੁਪਏ ਚੋਰੀ ਕਰਕੇ ਇਕੱਲੀ ਚੰਡੀਗੜ੍ਹ ਭੱਜ ਆਈ ਸੀ, ਜਿਸ ਤੋਂ ਬਾਅਦ ਇਹ ਫੜੀ ਗਈ।
ਪਿਤਾ ਅਤੇ ਮਾਸੀ ਦੀ ਮਿਹਨਤ: ਰਾਤ ਭਰ ਚਾਦਰਾਂ ਚੁੱਕ ਕੇ ਲੱਭਿਆ ਪੁੱਤ
ਪੇਸ਼ੇ ਤੋਂ ਦਿਹਾੜੀਦਾਰ ਬੱਚੇ ਦੇ ਪਿਤਾ ਅਤੇ ਉਸ ਦੀ ਮਾਸੀ ਲਈ ਹਰਿਦੁਆਰ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰ ਵਿੱਚ ਬੱਚੇ ਨੂੰ ਲੱਭਣਾ ਬੇਹੱਦ ਮੁਸ਼ਕਲ ਸੀ। ਦੋਵਾਂ ਨੇ ਹਿੰਮਤ ਨਹੀਂ ਹਾਰੀ ਅਤੇ ਰਾਤ ਭਰ ਹਰਿਦੁਆਰ ਦੇ ਘਾਟਾਂ ਅਤੇ ਬਾਜ਼ਾਰਾਂ ਵਿੱਚ ਸੜਕ ਕਿਨਾਰੇ ਸੁੱਤੇ ਹੋਏ ਅਣਜਾਣ ਲੋਕਾਂ ਦੇ ਮੂੰਹ ਤੋਂ ਚਾਦਰਾਂ ਹਟਾ-ਹਟਾ ਕੇ ਆਪਣੇ ਬੱਚੇ ਦੀ ਤਲਾਸ਼ ਕੀਤੀ। ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ, ਪਰ ਉਹ ਨਹੀਂ ਰੁਕੇ। ਤੜਕੇ ਇੱਕ ਅਣਜਾਣ ਸ਼ਖਸ ਦੇ ਕੋਲ ਸੁੱਤੇ ਦੋ ਬੱਚਿਆਂ ਵਿੱਚੋਂ ਉਨ੍ਹਾਂ ਨੂੰ ਆਪਣਾ ਪੁੱਤਰ ਮਿਲ ਗਿਆ, ਜੋ ਆਪਣੇ ਪਿਤਾ ਨੂੰ ਦੇਖ ਕੇ ਲਿਪਟ ਕੇ ਰੋਣ ਲੱਗ ਪਿਆ।
26 ਦਿਨਾਂ ਦੀ ਪੂਰੀ ਘਟਨਾਕ੍ਰਮ (Timeline)
- 4 ਮਈ: ਬੱਚਾ ਅਤੇ ਕੁੜੀ ਲਾਪਤਾ
ਬੁੜੈਲ ਇਲਾਕੇ ਵਿੱਚੋਂ 10 ਸਾਲਾ ਬੱਚਾ ਅਤੇ ਗੁਆਂਢ ਦੀ 15 ਸਾਲਾ ਨਾਬਾਲਗ ਕੁੜੀ ਅਚਾਨਕ ਲਾਪਤਾ ਹੋ ਗਏ। - 9 ਮਈ: ਕਿਡਨੈਪਿੰਗ ਦਾ ਕੇਸ ਦਰਜ
ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਅਣਜਾਣ ਖ਼ਿਲਾਫ਼ ਅਗਵਾ ਦਾ ਕੇਸ ਦਰਜ ਹੋਇਆ। ਪਰਿਵਾਰ ਨੇ ਦੋਵਾਂ ਦੇ ਪੋਸਟਰ ਥਾਂ-ਥਾਂ ਲਗਾਏ। ਕੁੜੀ ਦੇ ਘਰਦਿਆਂ ਨੇ ਪੁਲਿਸ ਤੱਕ ਪਹੁੰਚ ਨਹੀਂ ਕੀਤੀ ਸੀ। - 28 ਮਈ: ਮੁਲਜ਼ਮ ਕੁੜੀ ਗ੍ਰਿਫ਼ਤਾਰ
ਬੱਚੇ ਦੀ ਮਾਂ ਸੈਕਟਰ-45 ਗਊਸ਼ਾਲਾ ਕੋਲ ਸੀ, ਜਿੱਥੇ ਇੱਕ ਰਾਹਗੀਰ ਨੇ ਪੋਸਟਰ ਦੇਖ ਕੇ ਦੱਸਿਆ ਕਿ ਇਹ ਕੁੜੀ ਹੁਣੇ ਇੱਥੋਂ ਲੰਘੀ ਹੈ। ਪਰਿਵਾਰ ਨੇ ਮੁਸਤੈਦੀ ਦਿਖਾਉਂਦੇ ਹੋਏ ਸੈਕਟਰ-50 ਦੇ ਪਾਰਕ ਵਿੱਚੋਂ ਕੁੜੀ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। - 29 ਮਈ: ਹਰਿਦੁਆਰ ‘ਚ ਛਾਪੇਮਾਰੀ
ਫੜੀ ਗਈ ਕੁੜੀ ਦੀ ਨਿਸ਼ਾਨਦੇਹੀ ‘ਤੇ ਚੰਡੀਗੜ੍ਹ ਪੁਲਿਸ ਅਤੇ ਬੱਚੇ ਦੇ ਪਰਿਵਾਰਕ ਮੈਂਬਰ ਤੁਰੰਤ ਹਰਿਦੁਆਰ ਪਹੁੰਚੇ ਅਤੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ। - 30 ਮਈ: ਬੱਚਾ ਸਹੀ-ਸਲਾਮਤ ਬਰਾਮਦ
ਤੜਕੇ ਹਰਿਦੁਆਰ ਦੇ ਘਾਟ ਤੋਂ ਬੱਚਾ ਸਹੀ-ਸਲਾਮਤ ਮਿਲ ਗਿਆ, ਜਿਸ ਨੂੰ ਸ਼ਨੀਵਾਰ ਸ਼ਾਮ ਤੱਕ ਸਨਮਾਨ ਸਹਿਤ ਚੰਡੀਗੜ੍ਹ ਵਾਪਸ ਲਿਆਂਦਾ ਗਿਆ।