ਇੰਡੋਨੇਸ਼ੀਆ ’ਚ 243 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਜਾਵਾ ਸਾਗਰ ‘ਚ ਡੁੱਬਿਆ
- 102 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ
- ਕਰੀਬ 140 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਲਾਪਤਾ
- ਜਾਵਾ ਸਾਗਰ ’ਚ ਵੱਡਾ ਰੈਸਕਿਊ ਆਪ੍ਰੇਸ਼ਨ ਜਾਰੀ
ਇੰਡੋਨੇਸ਼ੀਆ: ਇੰਡੋਨੇਸ਼ੀਆ ਵਿੱਚ ਐਤਵਾਰ ਨੂੰ 243 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਯਾਤਰੀ ਜਹਾਜ਼ ਡੁੱਬ ਗਿਆ। ਹਾਦਸੇ ਤੋਂ ਬਾਅਦ ਹੁਣ ਤੱਕ 102 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਕਰੀਬ 140 ਲੋਕਾਂ ਦੀ ਭਾਲ ਜਾਰੀ ਹੈ।
ਸੁਰਾਬਾਇਆ ਤੋਂ ਬੰਜ਼ਾਰਮਾਸਿਨ ਜਾ ਰਿਹਾ ਸੀ ਜਹਾਜ਼
ਜਾਣਕਾਰੀ ਮੁਤਾਬਕ ਵਿਰਗੋ ਟਰਾਂਸਪੋਰਟ 8 ਨਾਮ ਦਾ ਇਹ ਜਹਾਜ਼ ਪੂਰਬੀ ਜਾਵਾ ਦੇ ਸੁਰਾਬਾਇਆ ਤੋਂ ਬੋਰਨਿਓ ਟਾਪੂ ਦੇ ਬੰਜ਼ਾਰਮਾਸਿਨ ਵੱਲ ਜਾ ਰਿਹਾ ਸੀ। ਸਫ਼ਰ ਦੌਰਾਨ ਜਹਾਜ਼ ਦਾ ਸੰਚਾਰ ਪ੍ਰਬੰਧ ਫੇਲ੍ਹ ਹੋ ਗਿਆ, ਜਿਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ।
ਹੈਲੀਕਾਪਟਰ ਤੇ ਕਈ ਜਹਾਜ਼ ਰੈਸਕਿਊ ’ਚ ਲੱਗੇ
ਬੰਜ਼ਾਰਮਾਸਿਨ ਸਥਿਤ ਸਰਚ ਐਂਡ ਰੈਸਕਿਊ ਦਫ਼ਤਰ ਮੁਤਾਬਕ ਜਹਾਜ਼ ਦੀ ਆਖਰੀ ਲੋਕੇਸ਼ਨ ਜਾਵਾ ਸਾਗਰ ਵਿੱਚ ਬੰਜ਼ਾਰਮਾਸਿਨ ਦੇ ਇੱਕ ਪੀਅਰ ਤੋਂ ਕਰੀਬ 148 ਕਿਲੋਮੀਟਰ ਦੂਰ ਮਿਲੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰੈਸਕਿਊ ਟੀਮਾਂ ਨੇ ਤੁਰੰਤ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਲਾਪਤਾ ਲੋਕਾਂ ਦੀ ਭਾਲ ਲਈ ਕਈ ਜਹਾਜ਼ਾਂ ਦੇ ਨਾਲ ਇੱਕ ਹੈਲੀਕਾਪਟਰ ਵੀ ਘਟਨਾ ਸਥਾਨ ਵੱਲ ਭੇਜਿਆ ਗਿਆ ਹੈ। ਅਧਿਕਾਰੀ ਲਾਪਤਾ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਭਾਲ ਵਿੱਚ ਜੁਟੇ ਹੋਏ ਹਨ।
