ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਸਪਸ਼ਟੀਕਰਨ ਤੇ ਕੀਤੀ ਖਿਮਾ ਜਾਚਨਾ
ਸ੍ਰੀ ਅੰਮ੍ਰਿਤਸਰ, 8 ਅਕਤੂਬਰ- ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲੇ, ਇਸ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਿਆ ਕਿਹਾ ਗਿਆ ਸੀ। ਇਨ੍ਹਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਹੈ।
ਅੱਜ ਮਿਤੀ 8 ਅਕਤੂਬਰ 2026 ਨੂੰ ਮਿੱਠੂ ਸਿੰਘ ਕਾਹਨੇਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਚਨਾ ਸਕੱਤਰੇਤ ਇੰਚਾਰਜ ਬਗੀਚਾ ਸਿੰਘ ਨੂੰ ਸੌਂਪੀ। ਆਪਣੇ ਸਪਸ਼ਟੀਕਰਨ ਵਿੱਚ ਮਿੱਠੂ ਸਿੰਘ ਕਾਹਨੇਕੇ ਨੇ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ ਅਤੇ ਇਸ ਲਈ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਪੁੜੈਣ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦਾ ਕੋਈ ਨਿੱਜੀ ਸੁਆਰਥ ਨਹੀਂ ਸੀ ਬਲਕਿ ਪੰਥ ਪ੍ਰਤੀ ਭਾਵਨਾ ਸੀ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਮਿੱਠੂ ਸਿੰਘ ਕਾਹਨੇਕੇ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਤੇ ਕੀਤੀ ਗਈ ਖਿਮਾ ਜਾਚਨਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਸਿੰਘ ਸਾਹਿਬਾਨ ਵੱਲੋਂ ਫ਼ੈਸਲਾ ਕੀਤਾ ਜਾਵੇਗਾ।
