ਪਟਿਆਲਾ ਨੌਜਵਾਨ ਕਤਲ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਵਾਰਦਾਤ ਪਿੱਛੇ ਕੁੜੀ ਨੂੰ ਤੰਗ ਕਰਨ ਦੀ ਰੰਜਿਸ਼ ਦਾ ਸ਼ੱਕ
ਪਟਿਆਲਾ ਜ਼ਿਲ੍ਹੇ ਦੇ ਡਕਾਲਾ ਵਿੱਚ ਨੌਜਵਾਨ ਨਵਾਬ ਖ਼ਾਨ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਇੱਕ ਹੋਰ ਅਹਿਮ ਪਹਿਲੂ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਮ੍ਰਿਤਕ ਨਵਾਬ ਖ਼ਾਨ ’ਤੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਦੀ ਭੈਣ ਨੂੰ ਤੰਗ ਕਰਨ ਦੇ ਦੋਸ਼ ਹਨ। ਪੁਲਿਸ ਇਸ ਪਹਿਲੂ ਨੂੰ ਕਤਲ ਪਿੱਛੇ ਸੰਭਾਵਿਤ ਰੰਜਿਸ਼ ਵਜੋਂ ਦੇਖ ਰਹੀ ਹੈ।
ਪੈਟਰੋਲ ਪੰਪ ਨੇੜਿਓਂ ਅਗਵਾ ਕੀਤਾ ਸੀ ਨਵਾਬ ਖ਼ਾਨ
ਜਾਣਕਾਰੀ ਮੁਤਾਬਕ, ਨਵਾਬ ਖ਼ਾਨ ਨੂੰ ਪਟਿਆਲਾ ਦੇ ਡਕਾਲਾ ਵਿੱਚ ਪੈਟਰੋਲ ਪੰਪ ਨੇੜਿਓਂ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਅਗਵਾ ਕੀਤਾ ਗਿਆ ਸੀ। ਦੋਸ਼ ਹੈ ਕਿ ਮੁਲਜ਼ਮਾਂ ਨੇ ਗੱਡੀ ਵਿੱਚ ਹੀ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਲਾਝਾੜ ਨੇੜੇ ਇੱਕ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ ਸੀ।
ਮੁਲਜ਼ਮ ਦੀ ਭੈਣ ਨੂੰ ਤੰਗ ਕਰਨ ਦੇ ਦੋਸ਼
ਇਸ ਕਤਲ ਮਾਮਲੇ ਵਿੱਚ ਸਾਹਮਣੇ ਆਈ ਜਾਣਕਾਰੀ ਅਨੁਸਾਰ, ਨਵਾਬ ਖ਼ਾਨ ਕਥਿਤ ਤੌਰ ’ਤੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਦੀ ਭੈਣ ਨੂੰ ਤੰਗ ਕਰਦਾ ਸੀ। ਇਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਕਿਰਾਏ ’ਤੇ ਲਈ ਗਈ ਸੀ ਸਕਾਰਪੀਓ
ਜਾਣਕਾਰੀ ਮੁਤਾਬਕ, ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਕਿਰਾਏ ’ਤੇ ਲਈ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਤਲ ਵਿੱਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਵਾਰਦਾਤ ਵਿੱਚ ਹੋਰ ਕਿਸੇ ਵਿਅਕਤੀ ਦੀ ਸ਼ਮੂਲੀਅਤ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ।