ਡ੍ਰਾਈ ਫਰੂਟ ਦੀ ਵੱਧਦੀ ਕੀਮਤਾਂ ਦੇ ਮੱਦੇਨਜ਼ਰ ਵਪਾਰੀ ਵਰਗ ਦੀਆਂ ਵਧੀਆਂ ਚਿੰਤਾ,ਕੇਂਦਰ ਨਾਲ ਕਰਨਗੇ ਮੁਲਾਕਾਤ
President of Fruit Association Anil Mehra:ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਨਾ ਸਿਰਫ਼ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਜ਼ਿਲ੍ਹੇ ਦੇ ਬਾਜ਼ਾਰਾਂ ਵਿੱਚ ਫਲਾਂ ਅਤੇ ਸੁੱਕੇ ਮੇਵਿਆਂ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਸ਼ਮੀਰ ਤੋਂ ਸੇਬ ਅਤੇ ਸੁੱਕੇ ਮੇਵਿਆਂ ਦੀ ਸਪਲਾਈ ਵਿੱਚ ਰੁਕਾਵਟ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੀਮਤਾਂ ਵਧੀਆਂ ਹਨ।
ਇਸਦੇ ਮੱਦੇਨਜ਼ਰ ਮਜੀਠ ਮੰਡੀ ਦੇ ਪ੍ਰਧਾਨ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਲਦ ਹੀ ਕੇਂਦਰ ਸਰਕਾਰ ਦੇ ਨਾਲ ਕਰਨਗੇ ਗੱਲਬਾਤ ਤਾਂ ਜੋ ਬੰਦ ਕੀਤੇ ਰਾਹਾਂ ਨੂੰ ਖੁਲਵਾ ਕੇ ਉਹਨਾਂ ਰਾਹਾਂ ਦੁਆਰਾ ਡ੍ਰਾਈ ਫਰੂਟ ਦਾ ਵਪਾਰ ਸ਼ੁਰੂ ਕੀਤਾ ਜਾਵੇ।
ਕਸ਼ਮੀਰ ਤੋਂ ਸੇਬ, ਨਾਸ਼ਪਾਤੀ ਅਤੇ ਅੰਗੂਰ ਵਰਗੇ ਫਲਾਂ ਦੀ ਸਪਲਾਈ 20 ਤੋਂ 25 ਪ੍ਰਤੀਸ਼ਤ ਘੱਟ ਗਈ ਹੈ ਅਤੇ ਕੀਮਤਾਂ ਵਿੱਚ 20 ਪ੍ਰਤੀਸ਼ਤ ਵਾਧਾ ਹੋਇਆ ਹੈ। ਫਲ ਮੰਡੀ ਵਿੱਚ ਸੇਬਾਂ ਦੀ ਕੀਮਤ ਵੀਰਵਾਰ ਨੂੰ 100 ਤੋਂ 120 ਰੁਪਏ ਪ੍ਰਤੀ ਕਿਲੋ ਸੀ, ਜੋ ਸ਼ਨੀਵਾਰ ਨੂੰ 140 ਤੋਂ 180 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ।
ਸੰਤਰੇ ਅਤੇ ਅੰਗੂਰ ਦੀਆਂ ਕੀਮਤਾਂ ਵੀ 80 ਤੋਂ 120 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 100 ਤੋਂ 150 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਫਲ ਵੇਚਣ ਵਾਲੇ ਰਾਜਕੁਮਾਰ ਅਤੇ ਪਿੰਟੂ ਕੁਮਾਰ ਦਾ ਕਹਿਣਾ ਹੈ ਕਿ ਕਸ਼ਮੀਰ ਤੋਂ ਟਰੱਕਾਂ ਦੀ ਆਵਾਜਾਈ ਘੱਟ ਗਈ ਹੈ ਕਿਉਂਕਿ ਡਰਾਈਵਰ ਸੁਰੱਖਿਆ ਕਾਰਨਾਂ ਕਰਕੇ ਸੜਕਾਂ ‘ਤੇ ਜੋਖਮ ਨਹੀਂ ਲੈਣਾ ਚਾਹੁੰਦੇ।
ਇਸ ਨਾਲ ਮਾਲ ਭਾੜਾ ਵਧਿਆ ਹੈ ਅਤੇ ਕੀਮਤਾਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਈਆਂ ਹਨ। ਕਸ਼ਮੀਰ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ ਬਦਾਮ, ਅਖਰੋਟ ਅਤੇ ਕਿਸ਼ਮਿਸ਼ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਬਾਜ਼ਾਰਾਂ ਵਿੱਚ ਸੁੱਕੇ ਮੇਵੇ ਦੀਆਂ ਕੀਮਤਾਂ ਵਿੱਚ 10 ਤੋਂ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਖਪਤਕਾਰਾਂ ਦੀਆਂ ਜੇਬਾਂ ‘ਤੇ ਵਾਧੂ ਬੋਝ
ਸੁੱਕੇ ਮੇਵੇ ਲਈ ਸਥਿਤੀ ਹੋਰ ਵੀ ਚਿੰਤਾਜਨਕ ਹੈ, ਵਿਆਹਾਂ ਅਤੇ ਤਿਉਹਾਰਾਂ ਦੌਰਾਨ ਮੰਗ ਵਧਣ ਕਾਰਨ ਕੀਮਤਾਂ ਵਧ ਗਈਆਂ ਹਨ। ਜੇਕਰ ਸਥਿਤੀ ਇਹੀ ਰਹੀ ਤਾਂ ਦਰਾਮਦ ਕੀਤੇ ਸੁੱਕੇ ਮੇਵੇ ਦੀਆਂ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ। ਜਿਸ ਨਾਲ ਖਪਤਕਾਰਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਵਧੇਗਾ।
ਬਾਜ਼ਾਰੀ ਕੀਮਤ
ਬਦਾਮ 800 ਤੋਂ 1000 ਰੁਪਏ ਪ੍ਰਤੀ ਕਿਲੋ
ਪਹਿਲਾਂ 700 ਤੋਂ 900 ਰੁਪਏ
ਕਾਜੂ 750 ਤੋਂ 950 ਰੁਪਏ ਪ੍ਰਤੀ ਕਿਲੋ
ਪਹਿਲਾਂ 650 ਤੋਂ 850 ਰੁਪਏ
ਅਖਰੋਟ 900 ਤੋਂ 1200 ਰੁਪਏ ਪ੍ਰਤੀ ਕਿਲੋ
ਪਹਿਲਾਂ 800 ਤੋਂ 1000 ਰੁਪਏ
ਸੌਮ 350 ਤੋਂ 550 ਰੁਪਏ ਪ੍ਰਤੀ ਕਿਲੋ
ਪਹਿਲਾਂ 300 ਤੋਂ 450 ਰੁਪਏ
ਪਿਸਤਾ 1100 ਤੋਂ 1300 ਰੁਪਏ ਪ੍ਰਤੀ ਕਿਲੋ
ਪਹਿਲਾਂ 1000 ਤੋਂ 1200 ਰੁਪਏ
ਸ਼੍ਰੀ ਅਮ੍ਰਿਤਸਰ ਤੋਂ ਹਰਮੀਤ ਸਿੰਘ ਦੀ ਖਾਸ ਰਿਪੋਰਟ….