300 ਰੁਪਏ ਲਈ ਤਿਹਰਾ ਕਤਲ: ਪਲੰਬਰ ਨੇ ਬਜ਼ੁਰਗ ਜੋੜੇ ਸਮੇਤ 3 ਨੂੰ ਪੇਚਕਸ ਨਾਲ ਮਾਰਿਆ
Triple murder for 300 rupees: ਦੇਹਰਾਦੂਨ: ਤਪੋਵਨ ਇਲਾਕੇ ਵਿੱਚ ਮਹਿਜ਼ 300 ਰੁਪਏ ਦੇ ਵਿਵਾਦ ਨੂੰ ਲੈ ਕੇ ਤਿਹਰੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਇੱਕ ਪਲੰਬਰ ਨੇ ਆਯੁਧ ਨਿਰਮਾਣੀ ਤੋਂ ਸੇਵਾਮੁਕਤ ਬਜ਼ੁਰਗ ਜੋੜੇ ਅਤੇ ਘਰ ਵਿੱਚ ਕੰਮ ਕਰਨ ਵਾਲੀ ਮਹਿਲਾ ਦੀ ਪੇਚਕਸ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਵਾਰਦਾਤ ਤੋਂ ਬਾਅਦ ਫਰਾਰ ਹੋ ਰਹੇ ਮੁਲਜ਼ਮ ਨੂੰ ਗੁਆਂਢੀਆਂ ਨੇ ਕਰੀਬ ਅੱਧਾ ਕਿਲੋਮੀਟਰ ਪਿੱਛਾ ਕਰਕੇ ਕਾਬੂ ਕਰ ਲਿਆ।
ਮੁਲਜ਼ਮ ਦੀ ਪਛਾਣ 25 ਸਾਲਾ ਰਾਜਕੁਮਾਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਹ ਪਿਛਲੇ ਦੋ ਸਾਲਾਂ ਤੋਂ ਕਪੂਰ ਪਰਿਵਾਰ ਦੇ ਘਰ ਪਲੰਬਿੰਗ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਨੇ ਕੰਮ ਦੇ ਬਦਲੇ 600 ਰੁਪਏ ਦਿਹਾੜੀ ਮੰਗੀ ਸੀ, ਜਦਕਿ ਪਰਿਵਾਰ ਨੇ 300 ਰੁਪਏ ਦਿੱਤੇ। ਇਸ ਨੂੰ ਲੈ ਕੇ ਬਹਿਸ ਹੋਣ ਤੋਂ ਬਾਅਦ ਉਹ ਘਰ ਤੋਂ ਚਲਾ ਗਿਆ, ਪਰ ਆਪਣਾ ਸਾਮਾਨ ਉੱਥੇ ਹੀ ਛੱਡ ਗਿਆ।
ਪੁਲਿਸ ਮੁਤਾਬਕ ਦੁਪਹਿਰ ਕਰੀਬ 1:56 ਵਜੇ ਰਾਜਕੁਮਾਰ ਮੁੜ ਕਪੂਰ ਪਰਿਵਾਰ ਦੇ ਘਰ ਪਹੁੰਚਿਆ। ਇੱਥੇ ਰਮੇਸ਼ ਕਪੂਰ ਨਾਲ ਦੁਬਾਰਾ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਨੇ ਪੇਚਕਸ ਨਾਲ ਰਮੇਸ਼ ਕਪੂਰ ’ਤੇ ਕਈ ਵਾਰ ਕੀਤੇ। ਆਪਣੇ ਪਤੀ ਨੂੰ ਬਚਾਉਣ ਆਈ ਰਜਨੀ ਕਪੂਰ ’ਤੇ ਵੀ ਉਸ ਨੇ ਚਿਹਰੇ ਅਤੇ ਪੇਟ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਚੀਕਾਂ ਸੁਣ ਕੇ ਨੇੜਲੇ ਘਰ ਤੋਂ ਕੰਮ ਕਰਕੇ ਨਿਕਲ ਰਹੀ ਤਿਲਿਆ ਦੇਵੀ ਮੌਕੇ ’ਤੇ ਪਹੁੰਚੀ ਅਤੇ ਵਿਚ-ਬਚਾਅ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਉਸ ’ਤੇ ਵੀ ਪੇਚਕਸ ਨਾਲ ਕਈ ਵਾਰ ਕੀਤੇ। ਪੁਲਿਸ ਮੁਤਾਬਕ ਰਾਜਕੁਮਾਰ ਨੇ ਰਜਨੀ ਕਪੂਰ ਦੇ ਗਲੇ ਤੋਂ ਸੋਨੇ ਦੀ ਚੇਨ ਵੀ ਖੋਹੀ ਅਤੇ ਇਸ ਤੋਂ ਬਾਅਦ ਮੌਕੇ ਤੋਂ ਭੱਜਣ ਲੱਗਾ।
ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਕਰੀਬ ਅੱਧਾ ਕਿਲੋਮੀਟਰ ਦੂਰ ਉਸ ਨੂੰ ਕਾਬੂ ਕਰ ਲਿਆ। ਤਿੰਨਾਂ ਜ਼ਖ਼ਮੀਆਂ ਨੂੰ ਤੁਰੰਤ ਕੋਰੋਨੇਸ਼ਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਅਨੁਸਾਰ ਰਮੇਸ਼ ਕਪੂਰ ਦੇ ਚਿਹਰੇ ’ਤੇ ਪੇਚਕਸ ਨਾਲ 4-5 ਡੂੰਘੇ ਵਾਰ ਕੀਤੇ ਗਏ ਸਨ ਅਤੇ ਉਨ੍ਹਾਂ ਦੀ ਇੱਕ ਅੱਖ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ। ਰਜਨੀ ਕਪੂਰ ਦੇ ਚਿਹਰੇ ਅਤੇ ਛਾਤੀ ’ਤੇ ਵੀ ਹਮਲੇ ਦੇ ਨਿਸ਼ਾਨ ਮਿਲੇ ਹਨ, ਜਦਕਿ ਤਿਲਿਆ ਦੇਵੀ ਦੇ ਪੇਟ ’ਤੇ ਕਈ ਵਾਰ ਕੀਤੇ ਗਏ। ਹਮਲਿਆਂ ਦੀ ਸਹੀ ਗਿਣਤੀ ਪੋਸਟਮਾਰਟਮ ਰਿਪੋਰਟ ਤੋਂ ਸਪੱਸ਼ਟ ਹੋਵੇਗੀ।
ਰਾਜਕੁਮਾਰ ਮੂਲ ਰੂਪ ਵਿੱਚ ਬਿਜਨੌਰ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪਿਛਲੇ ਕਰੀਬ ਪੰਜ ਸਾਲਾਂ ਤੋਂ ਦੇਹਰਾਦੂਨ ਵਿੱਚ ਰਹਿ ਰਿਹਾ ਸੀ। ਪੁਲਿਸ ਉਸ ਦੇ ਅਪਰਾਧਿਕ ਰਿਕਾਰਡ, ਨਸ਼ੇ ਦੀ ਆਦਤ ਅਤੇ ਪੁਲਿਸ ਵੈਰੀਫਿਕੇਸ਼ਨ ਸਮੇਤ ਹੋਰ ਪੱਖਾਂ ਦੀ ਜਾਂਚ ਕਰ ਰਹੀ ਹੈ। ਬਿਜਨੌਰ ਤੋਂ ਵੀ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਮੰਗਵਾਇਆ ਜਾ ਰਿਹਾ ਹੈ।
ਰਮੇਸ਼ ਕਪੂਰ ਅਤੇ ਉਨ੍ਹਾਂ ਦੀ ਪਤਨੀ ਰਜਨੀ ਕਰੀਬ 20 ਸਾਲ ਪਹਿਲਾਂ ਆਯੁਧ ਨਿਰਮਾਣੀ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਦੋ ਪੁੱਤਰ ਹਨ। ਵੱਡਾ ਪੁੱਤਰ ਪੁਣੇ ਵਿੱਚ ਆਯੁਧ ਨਿਰਮਾਣੀ ਦੀ ਸ਼ਾਖਾ ਵਿੱਚ ਨੌਕਰੀ ਕਰਦਾ ਹੈ, ਜਦਕਿ ਦੂਜਾ ਪੁੱਤਰ ਦਿੱਲੀ ਵਿੱਚ ਨਿੱਜੀ ਨੌਕਰੀ ਕਰਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
