ਵੋਕੇਸ਼ਨਲ ਲੈਕਚਰਾਰਾਂ ਦੀਆਂ ਨਿਯੁਕਤੀਆਂ ’ਤੇ ਸਿੱਖਿਆ ਵਿਭਾਗ ਦਾ ਯੂ-ਟਰਨ, ਹੁਕਮ ਲਏ ਵਾਪਸ
U-turn of Education Department on appointments of vocational lecturers: ਚੰਡੀਗੜ੍ਹ: ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਕੋਟੇ ਤਹਿਤ ਲੈਕਚਰਾਰਾਂ ਨੂੰ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕਰਨ ਦੇ ਹੁਕਮ ਵਾਪਸ ਲੈ ਲਏ ਹਨ। ਅਧਿਆਪਕ ਆਗੂਆਂ ਵੱਲੋਂ ਇਨ੍ਹਾਂ ਨਿਯੁਕਤੀਆਂ ਦਾ ਵਿਰੋਧ ਕਰਨ ਅਤੇ ਪੁਤਲੇ ਫੂਕਣ ਦੀ ਚਿਤਾਵਨੀ ਦੇਣ ਤੋਂ ਬਾਅਦ ਵਿਭਾਗ ਨੇ ਆਪਣੇ ਫ਼ੈਸਲੇ ਵਿੱਚ ਤਬਦੀਲੀ ਕੀਤੀ ਹੈ। ਹੁਣ ਇਨ੍ਹਾਂ ਵਿੱਚੋਂ ਕੁਝ ਅਧਿਆਪਕਾਂ ਨੂੰ ਵਿਸ਼ਾ ਮਾਹਿਰ ਅਤੇ ਵੰਦਨਾ ਛਾਬੜਾ ਨੂੰ ਵੋਕੇਸ਼ਨਲ ਸਿੱਖਿਆ ਦਾ ਸਹਾਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਵੱਲੋਂ ਜਾਰੀ ਹੁਕਮਾਂ ਅਨੁਸਾਰ, ਵੰਦਨਾ ਛਾਬੜਾ ਦੀਵਾਨ ਨੂੰ ਸਰਕਾਰੀ ਸਕੂਲ ਸੈਕਟਰ-8 ਤੋਂ ਤਬਦੀਲ ਕਰਕੇ ਵੋਕੇਸ਼ਨਲ ਸਿੱਖਿਆ ਦਾ ਸਹਾਇਕ ਡਾਇਰੈਕਟਰ ਲਾਇਆ ਗਿਆ ਹੈ। ਸੁਮਨ ਵਰਮਾ ਨੂੰ ਪੀਐੱਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਤੋਂ ਬਦਲ ਕੇ ਵਿਸ਼ਾ ਮਾਹਿਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਰਵੀਨਾ ਜਿੰਦਲ ਨੂੰ ਵੀ ਵਿਸ਼ਾ ਮਾਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਰਿਤੂ ਵੀਰ ਵਿਜਰਾ ਤੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-45ਸੀ ਦਾ ਪ੍ਰਬੰਧਕੀ ਚਾਰਜ ਵਾਪਸ ਲੈ ਲਿਆ ਗਿਆ ਹੈ। ਸੰਗੀਤਾ ਤੋਂ ਜੀਐੱਮਐੱਸਐੱਸਐੱਸ ਕੈਂਬਵਾਲਾ ਦਾ ਪ੍ਰਬੰਧਕੀ ਚਾਰਜ ਵੀ ਵਾਪਸ ਲਿਆ ਗਿਆ ਹੈ।
ਇਸ ਤੋਂ ਇਲਾਵਾ ਵੋਕੇਸ਼ਨਲ ਸਿੱਖਿਆ ਦੀ ਸਹਾਇਕ ਡਾਇਰੈਕਟਰ ਮਨਿਕਾ ਕਾਲੀਆ ਹੁਣ ਬਾਲਗ ਸਿੱਖਿਆ ਦੇ ਸਹਾਇਕ ਡਾਇਰੈਕਟਰ ਦਾ ਵਾਧੂ ਚਾਰਜ ਵੀ ਸੰਭਾਲਣਗੇ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਜੀਐੱਮਐੱਸਐੱਸਐੱਸ ਸੈਕਟਰ-35 ਦੀ ਪ੍ਰਿੰਸੀਪਲ ਸੀਮਾ ਬੀ. ਗਰੋਵਰ ਇਸ ਵਾਧੂ ਚਾਰਜ ਤੋਂ ਮੁਕਤ ਹੋ ਗਏ ਹਨ। ਸਾਰੇ ਨਵੇਂ ਪ੍ਰਬੰਧ ਮੌਜੂਦਾ ਤਨਖ਼ਾਹ ਅਤੇ ਤਨਖ਼ਾਹ ਸਕੇਲ ਅਨੁਸਾਰ ਹੀ ਹੋਣਗੇ।
ਪਹਿਲਾਂ ਪ੍ਰਿੰਸੀਪਲ ਬਣਾਇਆ, ਫਿਰ ਹੁਕਮ ਵਾਪਸ ਲਏ
ਇਸ ਮਹੀਨੇ ਦੇ ਸ਼ੁਰੂ ਵਿੱਚ ਸਿੱਖਿਆ ਵਿਭਾਗ ਨੇ ਵੋਕੇਸ਼ਨਲ ਲੈਕਚਰਾਰਾਂ ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਇੰਚਾਰਜ ਪ੍ਰਿੰਸੀਪਲ ਨਿਯੁਕਤ ਕੀਤਾ ਸੀ। ਇਸ ਫ਼ੈਸਲੇ ਦਾ ਕੁਝ ਅਧਿਆਪਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਨਿਯੁਕਤੀਆਂ ਦੇ ਹੁਕਮ ਵਾਪਸ ਲੈ ਲਏ। ਇਕ ਪ੍ਰਿੰਸੀਪਲ ਨੇ ਵਿਭਾਗ ਦੇ ਫ਼ੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਹੁਕਮ ਵਾਪਸ ਹੀ ਲੈਣੇ ਸਨ ਤਾਂ ਪਹਿਲਾਂ ਜਾਰੀ ਹੀ ਨਹੀਂ ਕਰਨੇ ਚਾਹੀਦੇ ਸਨ।
1992-93 ਵਿੱਚ ਭਰਤੀ ਹੋਏ ਲੈਕਚਰਾਰਾਂ ਦੀ ਤਰੱਕੀ ਦਾ ਮੁੱਦਾ
ਦੱਸਿਆ ਜਾਂਦਾ ਹੈ ਕਿ ਸਬੰਧਤ ਵੋਕੇਸ਼ਨਲ ਲੈਕਚਰਾਰਾਂ ਦੀ ਭਰਤੀ 1992-93 ਦੌਰਾਨ ਹੋਈ ਸੀ, ਪਰ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਤਰੱਕੀ ਲਈ ਵਿਚਾਰਿਆ ਨਹੀਂ ਸੀ। ਲੈਕਚਰਾਰਾਂ ਦਾ ਪੱਖ ਹੈ ਕਿ ਪੰਜਾਬ ਦੇ ਨਿਯਮਾਂ ਅਨੁਸਾਰ ਵੋਕੇਸ਼ਨਲ ਅਧਿਆਪਕ ਵੀ ਤਰੱਕੀ ਦੇ ਯੋਗ ਹਨ। ਇਸ ਸਬੰਧੀ ਉਹ ਕਈ ਵਾਰ ਸਿੱਖਿਆ ਅਧਿਕਾਰੀਆਂ ਨੂੰ ਮਿਲ ਚੁੱਕੇ ਸਨ। ਇਸ ਤੋਂ ਬਾਅਦ ਹੀ ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਕਾਰਜਕਾਰੀ ਪ੍ਰਿੰਸੀਪਲ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਹੁਕਮ ਬਾਅਦ ਵਿੱਚ ਵਾਪਸ ਲੈ ਲਏ ਗਏ।
ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਨਾ ਹੋਣ ’ਤੇ ਸਵਾਲ
ਨਿਯੁਕਤੀਆਂ ਸਬੰਧੀ ਵਿਭਾਗ ਦੇ ਬਦਲਦੇ ਫ਼ੈਸਲਿਆਂ ਨੇ ਸਿੱਖਿਆ ਖੇਤਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਅਹੁਦਿਆਂ ਲਈ ਵਿਭਾਗੀ ਤਰੱਕੀ ਕਮੇਟੀ (ਡੀਪੀਸੀ) ਦੀ ਮੀਟਿੰਗ ਵੀ ਨਹੀਂ ਹੋਈ ਸੀ। ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਪਹਿਲਾਂ ਵੋਕੇਸ਼ਨਲ ਲੈਕਚਰਾਰਾਂ ਨੂੰ ਕਾਰਜਕਾਰੀ ਪ੍ਰਿੰਸੀਪਲ ਕਿਸ ਆਧਾਰ ’ਤੇ ਨਿਯੁਕਤ ਕੀਤਾ ਗਿਆ, ਬਾਅਦ ਵਿੱਚ ਉਹ ਹੁਕਮ ਕਿਉਂ ਵਾਪਸ ਲਏ ਗਏ ਅਤੇ ਹੁਣ ਵਿਸ਼ਾ ਮਾਹਿਰ ਤੇ ਸਹਾਇਕ ਡਾਇਰੈਕਟਰ ਦੇ ਅਹੁਦਿਆਂ ’ਤੇ ਨਿਯੁਕਤੀਆਂ ਕਿਹੜੇ ਨਿਯਮਾਂ ਤਹਿਤ ਕੀਤੀਆਂ ਗਈਆਂ ਹਨ।